ਪੰਜਾਬੀ ਟ੍ਰਿਬਿਊਨ ਵਿੱਚ 31 ਦਸੰਬਰ 2020 ਨੂੰ ਇਕ ਖ਼ਬਰ ‘‘ਕਾਰਪੋਰੇਟੀ ਗੱਫਾ: ਸਿਆਸੀ ਘਰਾਣੇ ’ਤੇ ਨੋਟਾਂ ਦਾ ਮੀਂਹ’’ ਬਾਰੇ ਸਪੱਸ਼ਟ ਕੀਤਾ ਜਾਂਦਾ ਹੈ ਕਿ ਉਸ ਵਿੱਚ ਦੱਸੇ ਗਏ ਤਾਜ ਟਰੈਵਲਜ਼ ਪ੍ਰਾਈਵੇਟ ਲਿਮਟਿਡ ਅਤੇ ਭਾਰਤੀ ਵਾਲਮਾਰਟ ਕੰਪਨੀ ਵਿਚਕਾਰ ਹੋਏ ਸਮਝੌਤੇ ਅਨੁਸਾਰ ਤਾਜ ਟਰੈਵਲਜ਼ ਪ੍ਰਾਈਵੇਟ ਲਿਮਟਿਡ ਨੂੰ 7 ਕਨਾਲ, 7 ਮਰਲੇ (40 ਹਜ਼ਾਰ ਵਰਗ ਫੁੱਟ) ਜਗ੍ਹਾ ਲਈ ਮਿਲਣ ਵਾਲੀ ਕਿਰਾਏ ਦੀ ਰਕਮ, ਜੋ ਸਾਲਾਨਾ ਪੌਣੇ ਅੱਠ ਕਰੋੜ ਰੁਪਏ ਅਤੇ ਰੋਜ਼ਾਨਾ 2.12 ਲੱਖ ਰੁਪਏ ਦੱਸੀ ਗਈ ਸੀ, ਇੰਨੀ ਨਾ ਹੋ ਕੇ 15,10,000 ਰੁਪਏ ਮਾਸਿਕ ਹੈ ਅਤੇ ਇਸ ਹਿਸਾਬ ਨਾਲ 1,81,20,000 ਰੁਪਏ ਸਾਲਾਨਾ ਅਤੇ ਲਗਪਗ 50,333 ਰੁਪਏ ਰੋਜ਼ਾਨਾ ਹੈ। ਇਸ ਤਰ੍ਹਾਂ ਤਾਜ ਟਰੈਵਲਜ਼ ਨੂੰ ਪਿਛਲੇ ਸਾਲਾਂ ਵਿਚ ਮਿਲੀ ਰਕਮ 46.62 ਕਰੋੜ ਰੁਪਏ ਨਾ ਹੋ ਕੇ 1,81,20,000 ਰੁਪਏ ਸਾਲਾਨਾ ਦੇ ਹਿਸਾਬ ਨਾਲ ਮਿਲੀ ਹੈ। ਏਸੇ ਤਰ੍ਹਾਂ 30 ਸਾਲਾਂ ਵਿਚ ਤਾਜ ਟਰੈਵਲਜ਼ ਨੂੰ ਵਾਲਮਾਰਟ ਤੋਂ 233.10 ਕਰੋੜ ਰੁਪਏ ਦੀ ਬਜਾਏ 1,81,20,000 ਰੁਪਏ ਸਾਲਾਨਾ ਅਤੇ ਲੀਜ਼ ਵਿਚ ਹੋਣ ਵਾਲੇ ਵਾਧੇ ਦੀਆਂ ਸ਼ਰਤਾਂ ਅਨੁਸਾਰ ਦੱਸੀ ਗਈ ਰਕਮ ਤੋਂ ਘੱਟ ਰਾਸ਼ੀ ਮਿਲੇਗੀ। ਪੌਣੇ ਅੱਠ ਕਰੋੜ ਰੁਪਏ ਦਾ ਅੰਕੜਾ ਇਸ ਲਈ ਉਭਰਿਆ ਕਿਉਂਕਿ ਨਥਾਣਾ (ਪੰਜਾਬ) ਵਿਚ ਦੋਹਾਂ ਪਾਰਟੀਆਂ ਦਰਮਿਆਨ ਰਜਿਸਟਰ ਹੋਈ ਲੀਜ਼ ਡੀਡ (ਵਸੀਕਾ 1352, ਮਿਤੀ 6 ਅਗਸਤ 2014) ਵਿਚ ਦਰਜ ਮਾਲੀਅਤ ‘7,77,06,859.64 ਰੁਪਏ ਪ੍ਰਤੀ ਸਾਲ’ ਹੈ। ਪੰਜਾਬੀ ਟ੍ਰਿਬਿਊਨ ਵੱਲੋਂ ਫੇਸਬੁੱਕ ’ਤੇ ਪ੍ਰਸਾਰਿਤ ਹੁੰਦੇ ਪ੍ਰੋਗਰਾਮ ‘ਵੇਲੇ ਦੀ ਗੱਲ’ ਵਿਚ 30.12.2020 ਵਿਚ ਦੱਸੇ ਗਏ ਸਾਲਾਨਾ ਕਿਰਾਏ ਦੀ ਰਕਮ ਵੀ ਪੌਣੇ ਅੱਠ ਕਰੋੜ ਰੁਪਏ ਸਾਲਾਨਾ ਨਾ ਹੋ ਕੇ ਉਪਰੋਕਤ ਦਿੱਤੇ ਵੇਰਵਿਆਂ ਅਨੁਸਾਰ ਹੈ। ਇਸੇ ਕਾਰਨ ਪਿਛਲੇ ਸਾਲਾਂ ਦੌਰਾਨ ਤਾਜ ਟਰੈਵਲਜ਼ ਨੂੰ ਮਿਲੀ ਕੁਲ ਰਕਮ 46 ਕਰੋੜ ਰੁਪਏ ਨਾ ਹੋ ਕੇ 1,81,20,000 ਰੁਪਏ ਸਾਲਾਨਾ ਦੇ ਹਿਸਾਬ ਨਾਲ ਹੋਵੇਗੀ। ‘ਵੇਲੇ ਦੀ ਗੱਲ’ ਵਿਚ ਤਾਜ ਟਰੈਵਲਜ਼ ਅਤੇ ਵਾਲਮਾਰਟ ਕੰਪਨੀ ਵਿਚਕਾਰ ਹੋਏ ਸਮਝੌਤੇ ਨੂੰ ‘ਸੇਲ ਡੀਡ’ ਕਿਹਾ ਗਿਆ ਸੀ ਜਦੋਂਕਿ ਇਹ ਸਮਝੌਤਾ ‘ਸੇਲ ਡੀਡ’ ਨਾ ਹੋ ਕੇ ‘ਲੀਜ਼ ਡੀਡ’ ਹੈ। ਅੰਕੜਿਆਂ ਦੀ ਸਹੀ ਵਿਆਖਿਆ ਨਾ ਕਰ ਸਕਣ ਅਤੇ ਲੀਜ਼ ਡੀਡ ਨੂੰ ਸੇਲ ਡੀਲ ਕਹਿਣ ਬਾਰੇ ਸਾਨੂੰ ਖੇਦ ਹੈ। ਇਹ ਸਪੱਸ਼ਟੀਕਰਨ ‘ਪੰਜਾਬੀ ਟ੍ਰਿਬਿਊਨ’ ਦੇ ਫੇਸ ਬੁੱਕ ਪ੍ਰੋਗਰਾਮ ‘ਵੇਲੇ ਦੀ ਗੱਲ’ ਵਿਚ ਵੀ ਸੋਧੇ ਹੋਏ ਵੇਰਵਿਆਂ ਅਨੁਸਾਰ ਦਿੱਤਾ ਜਾ ਰਿਹਾ ਹੈ।