ਨਵੀਂ ਦਿੱਲੀ, 12 ਦਸੰਬਰ
ਦੇਸ਼ ਵਿੱਚ ਹੁਣ ਤਕ ਕਰੋਨਾ ਲਾਗ ਦੇ 93,24,328 ਮਰੀਜ਼ ਠੀਕ ਹੋਣ ਸਦਕਾ ਕੌਮੀ ਸਿਹਤਯਾਬੀ ਦਰ 94.88 ਫ਼ੀਸਦੀ ਹੋ ਗਈ ਹੈ, ਜਦਕਿ 30,006 ਨਵੇਂ ਕੇਸ ਸਾਹਮਣੇ ਆਏ ਹਨ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਕਰੋਨਾ ਲਾਗ ਦੇ 30,006 ਨਵੇਂ ਕੇਸ ਮਿਲਣ ਨਾਲ ਕੇਸਾਂ ਦਾ ਅੰਕੜਾ 98,26,775 ਹੋ ਗਿਆ ਹੈ ਜਦਕਿ ਇਸੇ ਸਮੇਂ ਦੌਰਾਨ 442 ਹੋਰ ਮੌਤਾਂ ਹੋਣ ਨਾਲ ਲਾਗ ਕਾਰਨ ਮਰਨ ਵਾਲਿਆਂ ਦਾ ਅੰਕੜਾ 1,42,628 ਤਕ ਅੱਪੜ ਚੁੱਕਾ ਹੈ। ਦੇਸ਼ ਅੰਦਰ ਕਰੋਨਾ ਮੌਤ ਦਰ 1.45 ਫ਼ੀਸਦੀ ਹੈ।
ਅੰਕੜਿਆਂ ਮੁਤਾਬਕ ਦੇਸ਼ ਵਿੱਚ ਕਰੋਨਾ ਦੇ ਹੁਣ ਸਿਰਫ਼ 3,59,819 ਸਰਗਰਮ ਕੇਸ ਹਨ, ਜੋ ਕੁੱਲ ਕੇਸਾਂ ਦਾ ਮਹਿਜ਼ 3.66 ਫ਼ੀਸਦੀ ਹਿੱਸਾ ਹਨ। ਲੰਘੇ 24 ਘੰਟਿਆਂ ਵਿੱਚ ਹੋਈਆਂ 442 ਮੌਤਾਂ ਵਿੱਚੋਂ ਕਰਨਾਟਕ ’ਚ ਸਭ ਤੋਂ ਵੱਧ 87, ਦਿੱਲੀ 60, ਪੱਛਮੀ ਬੰਗਾਲ 50, ਜਦਕਿ ਬਾਕੀ ਹੋਰ ਰਾਜਾਂ ’ਚ ਹੋਈਆਂ। ਦੇਸ਼ ’ਚ ਹੁਣ ਤੱਕ ਹੋਈਆਂ 1,42,628 ਮੌਤਾਂ ਵਿੱਚੋਂ ਸਭ ਤੋਂ 48,059 ਮੌਤਾਂ ਮਹਾਰਾਸ਼ਟਰ ’ਚ ਹੋਈਆਂ ਹਨ। -ਪੀਟੀਆਈ
ਪੰਜਾਬ ’ਚ ਕਰੋਨਾ ਕਾਰਨ 21 ਹੋਰ ਮੌਤਾਂ
ਚੰਡੀਗੜ੍ਹ (ਟਨਸ): ਪੰਜਾਬ ’ਚ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾਵਾਇਰਸ ਕਾਰਨ 21 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਸ ਦੌਰਾਨ 482 ਹੋਰ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਪਿਛਲੇ ਇੱਕ ਦਿਨ ਦੌਰਾਨ ਗੁਰਦਾਸਪੁਰ ਜ਼ਿਲ੍ਹੇ ’ਚ 6, ਲੁਧਿਆਣਾ ’ਚ 4, ਜਲੰਧਰ, ਪਠਾਨਕੋਟ ’ਚ 3-3, ਹੁਸ਼ਿਆਰਪੁਰ ’ਚ 2, ਮੋਗਾ, ਮੁਹਾਲੀ, ਪਟਿਆਲਾ ’ਚ ਇੱਕ-ਇੱਕ ਵਿਅਕਤੀ ਦੀ ਮੌਤ ਕਰੋਨਾਵਾਇਰਸ ਕਾਰਨ ਹੋਈ ਹੈ।