ਨਵੀਂ ਦਿੱਲੀ, 5 ਮਈ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕੁੱਝ ਵਿਅਕਤੀਗਤ ਅਤੇ ਛੋਟੇ ਕਰਜ਼ਦਾਰਾਂ ਨੂੰ ਕਰਜ਼ਾ ਚੁਕਤਾ ਕਰਨ ਲਈ ਵੱਧ ਸਮਾਂ ਦੇਣ ਦੇ ਨਾਲ ਹੀ ਬੈਂਕਾਂ ਨੂੰ ਕਿਹਾ ਕਿ ਉਹ ਵੈਕਸੀਨ ਨਿਰਮਾਤਾਵਾਂ, ਹਸਪਤਾਲਾਂ ਅਤੇ ਕੋਵਿਡ ਨਾਲ ਸਬੰਧਿਤ ਬੁਨਿਆਦੀ ਢਾਂਚੇ ਨੂੰ ਪਹਿਲ ਦੇ ਆਧਾਰ ’ਤੇ ਕਰਜ਼ਾ ਦੇਣ। ਕੋਵਿਡ-19 ਦੀ ਦੂਜੀ ਲਹਿਰ ਦੇ ਮੱਦੇਨਜ਼ਰ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਇੱਕ ਗ਼ੈਰ-ਰਸਮੀ ਪ੍ਰੈੱਸ ਕਾਨਫਰੰਸ ਦੌਰਾਨ ਕਈ ਅਹਿਮ ਐਲਾਨ ਕੀਤੇ।
ਆਰਬੀਆਈ ਵੱਲੋਂ ਐਲਾਨ
1. ਅਰਥਵਿਵਸਥਾ ਉਭਰ ਰਹੀ ਸੀ, ਪਰ ਹੁਣ ਸਥਿਤੀ ਬਦਲ ਗਈ ਹੈ ਅਤੇ ਤਾਜ਼ਾ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
2. ਆਰਬੀਆਈ ਕੋਵਿਡ-19 ਦੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ, ਸਾਰੇ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
3. ਅਰਥਵਿਵਸਥਾ ਵਿੱਚ ਵਿੱਤੀ ਸਾਧਨਾਂ ਦਾ ਪ੍ਰਵਾਹ ਵਧਾਉਣ ਲਈ ਆਰਬੀਆਈ ਸਰਕਾਰੀ ਰਿਣ-ਪੱਤਰ ਖ਼ਰੀਦ ਪ੍ਰੋਗਰਾਮ (ਜੀ-ਮੈਪ 1.0) ਤਹਿਤ 20 ਮਈ ਨੂੰ 35,000 ਕਰੋੜ ਰੁਪਏ ਦੀ ਦੂਜੀ ਖ਼ਰੀਦ ਕਰੇਗਾ।
4. ਬੈਂਕ 31 ਮਾਰਚ 2022 ਤੱਕ ਹਸਪਤਾਲਾਂ, ਆਕਸੀਜਲ ਸਪਲਾਇਰਾਂ, ਵੈਕਸੀਨ ਦਰਾਮਦਕਾਰਾਂ ਨੂੰ ਅਤੇ ਕੋਵਿਡ ਦਵਾਈਆਂ ਲਈ 50,000 ਕਰੋੜ ਰੁਪਏ ਦਾ ਕਰਜ਼ਾ ਦੇਣਗੇ।
5. ਆਰਬੀਆਈ ਨੇ 25 ਕਰੋੜ ਰੁਪਏ ਤੱਕ ਕਰਜ਼ਾ ਲੈਣ ਵਾਲੇ ਵਿਅਕਤੀਗਤ, ਛੋਟੇ ਕਰਜ਼ਦਾਰਾਂ ਨੂੰ ਕਰਜ਼ ਚੁਕਾਉਣ ਲਈ ਦੂਜਾ ਮੌਕਾ ਦਿੱਤਾ, ਸ਼ਰਤ ਹੈ ਕਿ ਉਨ੍ਹਾਂ ਨੇ ਪਹਿਲੀ ਵਾਰ ਇਸ ਸਹੂਲਤ ਦਾ ਫ਼ਾਇਦਾ ਨਾ ਲਿਆ ਹੋਵੇ।
6. ਆਰਬੀਆਈ ਨੇ ਕੇਵਾਈਸੀ ਦੇ ਮਾਪਦੰਡਾਂ ਨੂੰ ਤਰਕਸੰਗਤ ਬਣਾਉਣ ਦਾ ਐਲਾਨ ਕੀਤਾ, ਕੁੱਝ ਸ਼੍ਰੇਣੀਆਂ ਲਈ ਵੀਡੀਓ-ਆਧਾਰਿਤ ਕੇਵਾਈਸੀ ਦੀ ਤਜਵੀਜ਼ ਹੈ।
7. ਸੂਬਾ ਸਰਕਾਰਾਂ ਨੂੰ 30 ਸਤੰਬਰ ਤੱਕ ਓਵਰਡਰਾਫਟ ਸਹੂਲਤ ਦਾ ਲਾਭ ਲੈਣ ਲਈ ਨਿਯਮਾਂ ਵਿੱਚ ਢਿੱਲ।
8. ਖ਼ੁਰਾਕੀ ਅਤੇ ਬਾਲਣ ਦੀਆਂ ਕੀਮਤਾਂ ਨੇ ਮਹਿੰਗਾਈ ਨੂੰ ਵਧਾ ਦਿੱਤਾ ਹੈ, ਹਾਲਾਂਕਿ ਆਮ ਮੌਨਸੂਨ ਰਹਿਣ ਦੀ ਪੇਸ਼ੀਨਗੋਈ ਨਾਲ ਖੁਰਾਕੀ ਕੀਮਤਾਂ ਵਿੱਚ ਮਦਦ ਮਿਲਣ ਦੀ ਉਮੀਦ ਹੈ।