ਨਵੀਂ ਦਿੱਲੀ, 25 ਜੂਨ
ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਲਾਗ ਦੇ 51,667 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 3,01,34,445 ਹੋ ਗਈ ਹੈ ਜਦੋਂਕਿ ਨਵੇਂ ਕੇਸਾਂ ਦੀ ਹਫ਼ਤਾਵਾਰੀ ਦਰ ਘਟ ਕੇ 3 ਫੀਸਦ ਰਹਿ ਗਈ ਹੈ। ਇਸ ਦੌਰਾਨ ਇਸੇ ਅਰਸੇ ਵਿੱਚ 1329 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ 3,93,310 ਦੇ ਅੰਕੜੇ ਨੂੰ ਪੁੱਜ ਗਈ ਹੈ।
ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ 6,12,868 ਰਹਿ ਗਈ ਹੈ, ਜੋ ਕੁੱਲ ਕੇਸਲੋਡ ਦਾ 2.03 ਫੀਸਦ ਹੈ। ਸਵੇਰੇ ਅੱਠ ਵਜੇ ਤੱਕ ਨਵਿਆਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ਵਿੱਚ 14,189 ਕੇਸਾਂ ਦਾ ਨਿਘਾਰ ਵੇਖਣ ਨੂੰ ਮਿਲਿਆ ਹੈ। ਉਂਜ ਅੱਜ ਲਗਾਤਾਰ 43ਵਾਂ ਦਿਨ ਹੈ ਜਦੋਂ ਰੋਜ਼ਾਨਾ ਰਿਪੋਰਟ ਹੋਣ ਵਾਲੇ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ ਨਾਲੋਂ ਕਰੋਨਾ ਦੀ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧ ਹੈ। ਕਰੋਨਾ ਕਰ ਕੇ ਹੋਣ ਵਾਲੀਆਂ ਮੌਤਾਂ ਦੀ ਦਰ 1.31 ਫੀਸਦ ਹੈ। ਸਿਹਤ ਮੰਤਰਾਲੇ ਮੁਤਾਬਕ ਰੋਜ਼ਾਨਾ ਪਾਜ਼ੇਟਿਵਿਟੀ ਦਰ 2.98 ਫੀਸਦ ਦਰਜ ਕੀਤੀ ਗਈ ਹੈ, ਜੋ ਪਿਛਲੇ ਲਗਾਤਾਰ ਪਿਛਲੇ 18 ਦਿਨਾਂ ਤੋਂ 5 ਫੀਸਦ ਤੋਂ ਘੱਟ ਹੈ।
ਦੇਸ਼ ਵਿੱਚ ਹੁਣ ਤੱਕ ਕਰੋਨਾ ਕਰਕੇ ਰਿਪੋਰਟ ਹੋਈਆਂ ਕੁੱਲ 3,93,310 ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 1,19,859, ਕਰਨਾਟਕ ਵਿੱਚ 34,425, ਤਾਮਿਲ ਨਾਡੂ 31,901, ਦਿੱਲੀ 24,498, ਉੱਤਰ ਪ੍ਰਦੇਸ਼ 22,366, ਪੱਛਮੀ ਬੰਗਾਲ 17516, ਪੰਜਾਬ 15,944 ਤੇ ਛੱਤੀਸਗੜ੍ਹ ਵਿੱਚ 13,415 ਵਿਅਕਤੀ ਦਮ ਤੋੜ ਚੁੱਕੇ ਹਨ। ਸਰਕਾਰ ਵੱਲੋਂ ਪ੍ਰਕਾਸ਼ਿਤ ਟੀਕਾਕਰਨ ਡੇਟਾ ਮੁਤਾਬਕ ਹੁਣ ਤੱਕ ਪੂਰੇ ਦੇਸ਼ ਵਿੱਚ ਕਰੋਨਾ ਤੋਂ ਬਚਾਅ ਲਈ 30.79 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। -ਪੀਟੀਆਈ
ਮਹਾਰਾਸ਼ਟਰ: ਰਾਏਗੜ੍ਹ ਵਿੱਚ ਕਰੋਨਾ ਦੇ 695 ਨਵੇਂ ਕੇਸ
ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਕੋਵਿਡ-19 ਦੇ 695 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਮਗਰੋਂ ਖੇਤਰ ਵਿੱਚ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 1,44,375 ਹੋ ਗਈ ਹੈ। ਹੁਣ ਤੱਕ 1.34 ਲੱਖ ਤੋਂ ਵੱਧ ਵਿਅਕਤੀ ਕਰੋਨਾ ਦੀ ਲਾਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ ਜਦੋਂਕਿ ਜ਼ਿਲ੍ਹੇ ਵਿੱਚ 3510 ਵਿਅਕਤੀ ਕਰੋਨਾ ਕਰ ਕੇ ਮੌਤ ਦੇ ਮੂੰਹ ਪੈ ਚੁੱਕੇ ਹਨ। ਜ਼ਿਲ੍ਹੇ ਵਿੱਚ ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ 5885 ਰਹਿ ਗਈ ਹੈ। ਇਨ੍ਹਾਂ ਵਿੱਚੋਂ 589 ਆਕਸੀਜਨ ਸਪੋਰਟ ’ਤੇ, 202 ਆਈਸੀਯੂ, 66 ਵੈਂਟੀਲੇਟਰ ਅਤੇ 4000 ਪੀੜਤ ਆਪਣੇ ਘਰਾਂ ਵਿੱਚ ਹੀ ਆਈਸੋਲੇਟ ਹਨ। ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਿਹਤਯਾਬੀ ਦਰ 94 ਫੀਸਦ ਹੈ ਜਦੋਂਕਿ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ 2 ਫੀਸਦ ਹੈ। ਸੂਬੇ ਵਿੱਚ ਹੁਣ ਤੱਕ 3.71 ਲੱਖ ਤੋਂ ਵੱਧ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ। -ਪੀਟੀਆਈ
ਸੀਰਮ ਨੇ ‘ਕੋਵੋਵੈਕਸ’ ਦੇ ਪਹਿਲੇ ਬੈਚ ਦਾ ਨਿਰਮਾਣ ਸ਼ੁਰੂ ਕੀਤਾ
ਪੁਣੇ: ਕਰੋਨਾ ਤੋਂ ਬਚਾਅ ਲਈ ਅਮਰੀਕੀ ਕੰਪਨੀ ਨੋਵਾਵੈਕਸ ਇੰਕ ਵੱਲੋਂ ਵਿਕਸਤ ‘ਕੋਵੋਵੈਕਸ’ ਦੀ ਪਹਿਲੀ ਖੇਪ ਪੁਣੇ ਸਥਿਤ ਭਾਰਤੀ ਸੀਰਮ ਇੰਸਟੀਚਿਊਟ (ਐੱਸਆਈਆਈ) ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਐੱਸਆਈਆਈ ਦੇ ਸੀਈਓ ਅਦਾਰ ਪੂਨਾਵਾਲਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ, ‘‘ਕੋਵੋਵੈਕਸ ਦੇ ਪਹਿਲੇ ਬੈਚ ਨੂੰ ਵੇਖਣ ਲਈ ਉਤਸ਼ਾਹਿਤ ਹਾਂ, ਜੋ ਇਸੇ ਹਫ਼ਤੇ ਪੁਣੇ ਸਥਿਤ ਸਾਡੀ ਫੈਕਟਰੀ ਵਿੱਚ ਤਿਆਰ ਕੀਤੀ ਗਈ ਹੈ। ਇਹ ਵੈਕਸੀਨ 18 ਸਾਲ ਤੋਂ ਘੱਟ ਉਮਰ ਦੀਆਂ ਸਾਡੀਆਂ ਭਵਿੱਖੀ ਪੀੜ੍ਹੀਆਂ ਨੂੰ ਬਚਾਉਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਟਰਾਇਲ ਜਾਰੀ ਹਨ।’’ ਪੂਨਾਵਾਲਾ ਨੇ ਮਾਰਚ ਮਹੀਨੇ ਵਿੱਚ ਕਿਹਾ ਸੀ ਕਿ ‘ਕੋਵੋਵੈਕਸ’ ਵੈਕਸੀਨ ਦੇ ਕਲੀਨਿਕਲ ਟਰਾਇਲ ਭਾਰਤ ਵਿੱਚ ਸ਼ੁਰੂ ਹੋ ਚੁੱਕੇ ਹਨ ਤੇ ਕੰਪਨੀ ਸਤੰਬਰ ਤੱਕ ਵੈਕਸੀਨ ਨੂੰ ਬਾਜ਼ਾਰ ਵਿੱਚ ਉਤਾਰ ਦੇਵੇਗੀ। -ਪੀਟੀਆਈ