ਨਵੀਂ ਦਿੱਲੀ, 7 ਜੁਲਾਈ
ਭਾਰਤ ਵਿਚ ਲੰਘੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 43,733 ਨਵੇਂ ਕੇਸ ਮਿਲੇ ਹਨ। ਐਕਟਿਵ ਕੇਸ 4,59,920 ਤੱਕ ਘੱਟ ਗਏ ਹਨ। ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਨਾਲ 930 ਮੌਤਾਂ ਹੋਈਆਂ ਹਨ। ਮੰਤਰਾਲੇ ਨੇ ਦੱਸਿਆ ਕਿ ਰਿਕਵਰੀ ਦਰ 97.18 ਪ੍ਰਤੀਸ਼ਤ ਹੈ। ਮੰਗਲਵਾਰ ਕਰੀਬ 19 ਲੱਖ ਟੈਸਟ ਕੀਤੇ ਗਏ ਹਨ। ਇਸ ਤਰ੍ਹਾਂ ਹੁਣ ਤੱਕ ਮੁਲਕ ਵਿਚ ਕਰੋਨਾ ਦੇ 42,33,32,097 ਟੈਸਟ ਹੋ ਚੁੱਕੇ ਹਨ। ਰੋਜ਼ਾਨਾ ਦੀ ਪਾਜ਼ੇਟਿਵਿਟੀ ਦਰ 2.29 ਪ੍ਰਤੀਸ਼ਤ ਹੈ। ਨਵੇਂ ਕੇਸਾਂ ਨਾਲੋਂ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਵੱਧ ਗਈ ਹੈ। ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 36.13 ਕਰੋੜ ਲੋਕਾਂ ਨੂੰ ਵੈਕਸੀਨ ਡੋਜ਼ ਦਿੱਤੀ ਗਈ ਹੈ। 930 ਮੌਤਾਂ ਵਿਚੋਂ 395 ਮਹਾਰਾਸ਼ਟਰ ਵਿਚ, 142 ਕੇਰਲਾ ਵਿਚ ਤੇ 92 ਕਰਨਾਟਕ ਵਿਚ ਹੋਈਆਂ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਸੂਬਿਆਂ ਤੇ ਪ੍ਰਾਈਵੇਟ ਹਸਪਤਾਲਾਂ ਕੋਲ 1.67 ਕਰੋੜ ਵੈਕਸੀਨ ਡੋਜ਼ ਮੌਜੂਦ ਹੈ। ਮੰਤਰਾਲੇ ਨੇ ਕਿਹਾ ਕਿ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 37.43 ਕਰੋੜ ਵੈਕਸੀਨ ਡੋਜ਼ ਵੰਡੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 48,65,110 ਡੋਜ਼ ਹੋਰ ਵੰਡੀ ਜਾਣੀ ਹੈ। ਜ਼ਿਕਰਯੋਗ ਹੈ ਕਿ ਟੀਕਾਕਰਨ ਦਾ ਨਵਾਂ ਗੇੜ 21 ਜੂਨ ਤੋਂ ਆਰੰਭ ਹੋਇਆ ਹੈ। -ਪੀਟੀਆਈ
ਪੰਜਾਬ ’ਚ 5 ਮੌਤਾਂ, 233 ਨਵੇਂ ਕੇਸ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿੱਚ ਕਰੋਨਾਵਾਇਰਸ ਦੇ ਕੇਸ ਇਕ ਹਫ਼ਤੇ ਮਗਰੋਂ ਮੁੜ ਵਧਣੇ ਸ਼ੁਰੂ ਹੋ ਗਏ ਹਨ। ਸੂਬੇ ’ਚ ਲੰਘੇ 24 ਘੰਟਿਆਂ ਦੌਰਾਨ 5 ਜਣਿਆਂ ਦੀ ਮੌਤ ਹੋ ਗਈ ਅਤੇ 233 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ’ਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 16,141 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਅੱਜ 275 ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 1,964 ਸਰਗਰਮ ਕੇਸ ਹਨ। ਸਿਹਤ ਵਿਭਾਗ ਅਨੁਸਾਰ ਅੰਮ੍ਰਿਤਸਰ, ਸੰਗਰੂਰ ’ਚ 2-2 ਅਤੇ ਪਠਾਨਕੋਟ ’ਚ ਇੱਕ ਜਣੇ ਦੀ ਮੌਤ ਹੋਈ ਹੈ।