ਨਵੀਂ ਦਿੱਲੀ, 3 ਮਈ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਕਿ ਕਰੋਨਾ ਹਾਲੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਅਤੇ ਇਸ ਸਬੰਧੀ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇੱਥੋਂ ਦੇ ਰੋਹਿਨੀ ਇਲਾਕੇ ਵਿੱਚ ਭਗਵਾਨ ਮਹਾਵੀਰ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਣ ਮਗਰੋਂ ਕੋਵਿੰਦ ਨੇ ਕਿਹਾ ਕਿ ਜੈਨ ਧਰਮ ਦੇ ਸੰਤਾਂ-ਮਹਾਪੁਰਸ਼ਾਂ ਨੇ ਸਦੀਆਂ ਪਹਿਲਾਂ ਹੀ ਮਾਸਕ ਦਾ ਮਹੱਤਵ ਸਮਝ ਲਿਆ ਸੀ।
ਉਨ੍ਹਾਂ ਕਿਹਾ ਕਿ 250 ਬਿਸਤਰਿਆਂ ਵਾਲਾ ਇਹ ਹਸਪਤਾਲ 2023 ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਫੀ ਖ਼ੁਸ਼ੀ ਦੀ ਗੱਲ ਹੈ ਕਿ ਇਸ ਹਸਪਤਾਲ ਵਿੱਚ ਸਮਾਜ ਦੇ ਹਰ ਵਰਗ ਦੇ ਲੋਕ ਵਾਜਬ ਕੀਮਤ ’ਤੇ ਇਲਾਜ ਕਰਵਾ ਸਕਦੇ ਹਨ। -ਪੀਟੀਆਈ
ਦੇਸ਼ ਵਿੱਚ ਕਰੋਨਾ ਦੇ 2,568 ਨਵੇਂ ਕੇਸ
ਨਵੀਂ ਦਿੱਲੀ: ਦੇਸ਼ ਵਿੱਚ ਅੱਜ 2,568 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 20 ਜਣਿਆਂ ਦੀ ਮੌਤ ਹੋਈ, ਜਿਸ ਮਗਰੋਂ ਮੌਤਾਂ ਦੀ ਕੁੱਲ ਗਿਣਤੀ 5,23,889 ਹੋ ਗਈ ਹੈ। -ਪੀਟੀਆਈ