ਨਵੀਂ ਦਿੱਲੀ, 9 ਮਾਰਚ
ਭਾਰਤੀ ਡਰੱਗ ਰੈਗੂਲੇਟਰ (ਡੀਸੀਜੀਆਈ) ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ) ਵੱਲੋਂ ਤਿਆਰ ਕੋਵਿਡ-19 ਵੈਕਸੀਨ ‘ਕੋਵੋਵੈਕਸ’ ਦੀ 12 ਤੋਂ 17 ਸਾਲ ਉਮਰ ਵਰਗ ਦੇ ਬੱਚਿਆਂ ਲਈ ਹੰਗਾਮੀ ਹਾਲਾਤ ਵਿੱਚ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ਵਿੱਚ 18 ਸਾਲ ਤੋਂ ਘੱਟ ਉਮਰ ਵਰਗ ਲਈ ਉਪਲੱਬਧ ਇਹ ਚੌਥਾ ਕਰੋਨਾ ਰੋਕੂ ਟੀਕਾ ਹੋਵੇਗਾ। ਡਰੱਗ ਰੈਗੂਲੇਟਰ ਨੇ ਕਰੋਨਾ ਨਾਲ ਸਬੰਧਤ ਵਿਸ਼ਾ ਮਾਹਿਰ ਕਮੇਟੀ ਦੀ ਸਿਫ਼ਾਰਿਸ਼ ਦੇ ਆਧਾਰ ’ਤੇ ਕੋਵੋਵੈਕਸ ਨੂੰ ਇਹ ਪ੍ਰਵਾਨਗੀ ਦਿੱਤੀ ਹੈ। ਹਾਲਾਂਕਿ, ਸਰਕਾਰ ਨੇ 15 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਟੀਕਾ ਲਗਾਉਣ ਸਬੰਧੀ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ। ਸੀਰਮ ਇੰਸਟੀਚਿਊਟ ਦੇ ਡਾਇਰੈਕਟਰ (ਸਰਕਾਰੀ ਤੇ ਰੈਗੂਲੇਟਰੀ ਮਾਮਲੇ) ਪ੍ਰਕਾਸ਼ ਕੁਮਾਰ ਸਿੰਘ ਨੇ 21 ਫਰਵਰੀ ਨੂੰ ਭਾਰਤੀ ਡਰੱਗ ਰੈਗੂਲੇਟਰ ਕੋਲ ਦਾਇਰ ਅਰਜ਼ੀ ਵਿੱਚ ਕਿਹਾ ਸੀ ਕਿ 12 ਤੋਂ 17 ਸਾਲ ਦੇ ਲਗਪਗ 2707 ਬੱਚਿਆਂ ’ਤੇ ਕੀਤੇ ਦੋ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਕੋਵੋਵੈਕਸ ਵੱਧ ਅਸਰਦਾਰ ਅਤੇ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਪੈਦਾ ਕਰਨ ਵਾਲਾ ਸੁਰੱਖਿਅਤ ਟੀਕਾ ਹੈ। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਉਮਰ ਵਰਗ ਦੇ ਬੱਚੇ ਇਸ ਟੀਕੇ ਨੂੰ ਚੰਗੀ ਤਰ੍ਹਾਂ ਬਰਦਾਸ਼ਤ ਕਰ ਸਕਦੇ ਹਨ। ਇੱਕ ਅਧਿਕਾਰਤ ਸੂਤਰ ਮੁਤਾਬਕ ਅਰਜ਼ੀ ਵਿੱਚ ਪ੍ਰਕਾਸ਼ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਇਹ ਮਨਜ਼ੂਰੀ ਨਾ ਸਿਰਫ਼ ਸਾਡੇ ਦੇਸ਼ ਲਈ ਫ਼ਾਇਦੇਮੰਦ ਹੋਵੇਗੀ, ਸਗੋਂ ਇਸ ਦਾ ਪੂਰੇ ਵਿਸ਼ਵ ਨੂੰ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ, ‘‘ਇਹ ਸਾਡੇ ਪ੍ਰਧਾਨ ਮੰਤਰੀ ਦੇ ‘ਮੇਕਿੰਗ ਇਨ ਇੰਡੀਆ ਫਾਰ ਦਿ ਵਰਲਡ’ ਨਜ਼ਰੀਏ ਅਨੁਸਾਰ ਹੈ। ਸਾਡੇ ਸੀਈਓ ਡਾ. ਅਦਾਰ ਸੀ. ਪੂਨਾਵਾਲਾ ਦੇ ਨਜ਼ਰੀਏ ਮੁਤਾਬਕ ਮੈਨੂੰ ਯਕੀਨ ਹੈ ਕਿ ਕੋਵੋਵੈਕਸ ਦੇਸ਼ ਅਤੇ ਕੁੱਲ ਆਲਮ ਦੇ ਬੱਚਿਆਂ ਨੂੰ ਵੱਡੇ ਪੱਧਰ ’ਤੇ ਕੋਵਿਡ-19 ਬਿਮਾਰੀ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।’’ ਦੱਸ ਦੇਈਏ ਕਿ ਡੀਸੀਜੀਆਈ ਨੇ ਪਿਛਲੇ ਸਾਲ 28 ਦਸੰਬਰ ਨੂੰ ਬਾਲਗਾਂ ਵਿੱਚ ਹੰਗਾਮੀ ਹਾਲਾਤ ’ਚ ਵਰਤੋਂ ਲਈ ਕੋਵੋਵੈਕਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ ਇਸ ਨੂੰ ਅਜੇ ਤੱਕ ਦੇਸ਼ ਦੀ ਟੀਕਾਕਰਨ ਮੁਹਿੰਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਡੀਜੀਸੀਆਈ ਨੇ ਸਭ ਤੋਂ ਪਹਿਲਾਂ ‘ਜ਼ਾਇਕੋਵ-ਡੀ’ ਟੀਕੇ ਨੂੰ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਲਾਉਣ ਦੀ ਮਨਜ਼ੂਰੀ ਦਿੱਤੀ ਸੀ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਕਰੋਨਾ ਬਾਰੇ ਸਮੀਖ਼ਿਆ ਮੀਟਿੰਗ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਵਿਡ ਬਾਰੇ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਉਤੇ ਵਿਚਾਰ-ਚਰਚਾ ਹੋਈ। ਮੀਟਿੰਗ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਕਰੋਨਾ ਕੇਸ ਕਾਫੀ ਘਟੇ ਹਨ ਤੇ ਪਾਬੰਦੀਆਂ ਵੀ ਹਟਾਈਆਂ ਗਈਆਂ ਹਨ। ਇਸ ਮੀਟਿੰਗ ਵਿਚ ਕਈ ਉੱਚ ਸਰਕਾਰੀ ਅਧਿਕਾਰੀ ਵੀ ਹਾਜ਼ਰ ਸਨ। ਦੇਸ਼ ਵਿਚ ਅੱਜ ਕਰੋਨਾ ਦੇ 4575 ਕੇਸ ਹੀ ਸਾਹਮਣੇ ਆਏ ਹਨ। -ਪੀਟੀਆਈ
ਦੇਸ਼ ਵਿੱਚ 4575 ਨਵੇਂ ਕੇਸ, 145 ਹੋਰ ਮੌਤਾਂ
ਨਵੀਂ ਦਿੱਲੀ: ਪਿਛਲੇ 24 ਘੰਟਿਆਂ ਦੌਰਾਨ 4575 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ ਵਧ ਕੇ 4,29,75,883 ਹੋ ਗਈ ਹੈ ਜਦੋਂਕਿ ਸਰਗਰਮ ਕੇਸ ਘੱਟ ਕੇ 46,962 ਰਹਿ ਗਏ ਹਨ। ਉਂਜ ਇਸੇ ਅਰਸੇ ਦੌਰਾਨ 145 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 5,15,355 ਨੂੰ ਪੁੱਜ ਗਿਆ ਹੈ। ਸਰਗਰਮ ਕੇਸ ਕੁੱਲ ਕੇਸਲੋਡ ਦਾ 0.11 ਫੀਸਦ ਹੈ ਤੇ ਕਰੋਨਾ ਦੀ ਲਾਗ ਤੋਂ ਕੌਮੀ ਸਿਹਤਯਾਬੀ ਦਰ 98.69 ਫੀਸਦ ਹੈ। ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਤੱਕ ਨਵਿਆਏ ਅੰਕੜਿਆਂ ਮੁਤਾਬਕ ਸਰਗਰਮ ਕੇਸਾਂ ਦੀ ਗਿਣਤੀ ’ਚ 2986 ਕੇਸਾਂ ਦਾ ਨਿਘਾਰ ਆਇਆ ਹੈ। ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ 1.20 ਫੀਸਦ ਰਹਿ ਗਈ ਹੈ ਤੇ ਹੁਣ ਤੱਕ 4,24,13,566 ਲੋਕ ਕਰੋਨਾ ਦੀ ਲਾਗ ਤੋਂ ਉਭਰ ਕੇ ਸਿਹਤਮੰਦ ਹੋ ਚੁੱਕੇ ਹਨ। -ਪੀਟੀਆਈ