ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 26 ਨਵੰਬਰ
ਇੱਥੇ ਆਊਟਸੋਰਸ ਠੇਕਾ ਕਰਮਚਾਰੀਆਂ ਨੇ ਦੋ ਵੱਖ-ਵੱਖ ਥਾਵਾਂ ’ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਵੀਨੂੰ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ। ਵਿੱਤ ਮੰਤਰੀ ਦਾ ਸਵੇਰੇ ਗੁਰੂ ਨਾਨਕ ਨਗਰ ’ਚ ਉਸ ਵੇਲੇ ਵਿਰੋਧ ਕੀਤਾ ਗਿਆ ਜਦੋਂ ਉਹ ਕੁਝ ਅਰਸਾ ਪਹਿਲਾਂ ਵਾਪਰੀ ਅੱਗਜ਼ਨੀ ਦੀ ਇੱਕ ਘਟਨਾ ਦੇ ਪੀੜਤਾਂ ਨੂੰ ਵਿੱਤੀ ਸਹਾਇਤਾ ਦੇਣ ਆਏ ਸਨ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਕੇ ਥਾਣਾ ਥਰਮਲ ਵਿੱਚ ਬੰਦ ਕਰ ਦਿੱਤਾ। ਵੀਨੂ ਬਾਦਲ ਦਾ ਵਿਰੋਧ ਦੁਪਹਿਰ ਵਕਤ ਯੋਗੀ ਨਗਰ ਦੀ ਇੱਕ ਧਰਮਸ਼ਾਲਾ ’ਚ ਰੱਖੇ ਪ੍ਰੋਗਰਾਮ ਸਮੇਂ ਹੋਇਆ। ਵਿਰੋਧ ਨੂੰ ਦੇਖ ਕੇ ਪੁਲੀਸ ਨੇ ਵੀਨੂ ਬਾਦਲ ਨੂੰ ਧਰਮਸ਼ਾਲਾ ’ਚੋਂ ਬਾਹਰ ਕੱਢਿਆ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਵਰਗ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ।