ਕੋਲਕਾਤਾ, 29 ਜੁਲਾਈ
ਤ੍ਰਿਣਾਮੂਲ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਹਟਾਏ ਜਾਣ ਅਤੇ ਮੰਤਰੀ ਮੰਡਲ ’ਚੋਂ ਬਰਖਾਸਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਅੱਜ ਪਾਰਥ ਚੈਟਰਜੀ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ। ਚੈਟਰਜੀ (69) ਨੂੰ ਸਕੂਲ ਭਰਤੀ ਘੁਟਾਲੇ ਦੇ ਸਬੰਧ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਅੱਜ ਮੈਡੀਕਲ ਜਾਂਚ ਲਈ ਸ਼ਹਿਰ ਦੇ ਦੱਖਣ ’ਚ ਸਥਿਤ ਜੋਕਾ ਇਲਾਕੇ ’ਚ ਈਐੱਸਆਈ ਹਸਪਤਾਲ ਲਿਜਾਇਆ ਗਿਆ।
ਹਸਪਤਾਲ ਦੇ ਬਾਹਰ ਇੱਕ ਵਾਹਨ ਤੋਂ ਉਤਰਦੇ ਸਮੇਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਕਿਸੇ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਬਾਅਦ ਵਿੱਚ ਹਸਪਤਾਲ ’ਚੋਂ ਨਿਕਲਦੇ ਸਮੇਂ ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮਾਂ ਹੀ ਦੱਸੇਗਾ ਕਿ ਟੀਐੱਮਸੀ ਨੇ ਉਨ੍ਹਾਂ ਖ਼ਿਲਾਫ਼ ਜੋ ਕਾਰਵਾਈ ਕੀਤੀ ਉਹ ਠੀਕ ਸੀ ਜਾਂ ਨਹੀਂ। ਗ੍ਰਿਫ਼ਤਾਰੀ ਤੋਂ ਪਹਿਲਾਂ ਚੈਟਰਜੀ ਕੋਲ ਸਨਅਤ ਤੇ ਸੰਸਦੀ ਮਾਮਲਿਆਂ ਦਾ ਵਿਭਾਗ ਸੀ। ਉਨ੍ਹਾਂ ਦੇ ਸਿੱਖਿਆ ਮੰਤਰੀ ਰਹਿਣ ਸਮੇਂ ਕਥਿਤ ਘੁਟਾਲਾ ਹੋਇਆ ਸੀ ਜਿਸ ਦੀ ਜਾਂਚ ਦੌਰਾਨ ਚੈਟਰਜੀ ਦੀ ਕਰੀਬੀ ਸਹਾਇਕ ਅਰਪਿਤਾ ਮੁਖਰਜੀ ਦੇ ਟਿਕਾਣਿਆਂ ਤੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ।
ਚੈਟਰਜੀ ਨੂੰ ਟੀਐੱਮਸੀ ਨੇ ਬੀਤੇ ਦਿਨ ਸਾਰੇ ਅਹੁਦਿਆਂ ਤੋਂ ਹਟਾਉਂਦਿਆਂ ਮੰਤਰੀ ਮੰਡਲ ’ਚੋਂ ਬਰਖਾਸਤ ਕਰ ਦਿੱਤਾ ਸੀ। ਈਡੀ ਦੇ ਸੂਤਰਾਂ ਅਨੁਸਾਰ ਚੈਟਰਜੀ ਤੇ ਮੁਖਰਜੀ ਤੋਂ ਏਜੰਸੀ ਦੇ ਸੀਜੀਓ ਕੰਪਲੈਕਸ ’ਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। -ਪੀਟੀਆਈ
ਅਰਪਿਤਾ ਦੇ ਇੱਕ ਹੋਰ ਫਲੈਟ ’ਤੇ ਛਾਪਾ
ਕੋਲਕਾਤਾ: ਈਡੀ ਨੇ ਪਾਰਥ ਚੈਟਰਜੀ ਦੀ ਨੇੜਲੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਸ਼ਹਿਰ ਦੇ ਚਿਨਾਰ ਪਾਰਕ ਇਲਾਕੇ ਵਿਚਲੇ ਤੀਜੇ ਫਲੈਟ ’ਤੇ ਛਾਪਾ ਮਾਰਿਆ। ਈਡੀ ਨੇ ਇਹ ਕਾਰਵਾਈ ਲੰਘੀ ਸ਼ਾਮ ਕੀਤੀ। ਏਜੰਸੀ ਨੇ ਇਸ ਤੋਂ ਪਹਿਲਾਂ ਅਰਪਿਤਾ ਦੇ ਇੱਕ ਫਲੈਟ ’ਚੋਂ 28 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਬਰਾਮਦ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਫਲੈਟ ਬੰਦ ਸੀ ਅਤੇ ਉਸ ਦੀਆਂ ਚਾਬੀਆਂ ਨਹੀਂ ਮਿਲ ਸਕੀਆਂ ਜਿਸ ਕਾਰਨ ਕੇਂਦਰੀ ਫੋਰਸ ਦੇ ਅਫਸਰਾਂ ਦੀ ਹਾਜ਼ਰੀ ’ਚ ਫਲੈਟ ਦਾ ਦਰਵਾਜ਼ਾ ਤੋੜਿਆ ਗਿਆ। ਉਨ੍ਹਾਂ ਦੱਸਿਆ, ‘ਇਹ (ਚਿਨਾਰ ਪਾਰਕ) ਅਪਾਰਟਮੈਂਟ ਅਰਪਿਤਾ ਮੁਖਰਜੀ ਨਾਲ ਸਬੰਧਤ ਹੈ ਅਤੇ ਸਾਨੂੰ ਸ਼ੱਕ ਹੈ ਕਿ ਉਸ ਦੇ ਹੋਰਨਾਂ ਫਲੈਟਾਂ ਦੀ ਤਰ੍ਹਾਂ ਇੱਥੇ ਵੀ ਰਾਸ਼ੀ ਰੱਖੀ ਗਈ ਹੋ ਸਕਦੀ ਹੈ।’ ਉਨ੍ਹਾਂ ਕਿਹਾ ਕਿ ਉਹ ਗੁਆਂਢੀਆਂ ਨਾਲ ਗੱਲ ਕਰ ਕੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇੱਥੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਚਿਨਾਰ ਪਾਰਕ ਵਿਚਲੇ ਫਲੈਟ ਦੀ ਜਾਣਕਾਰੀ ਅਰਪਿਤਾ ਮੁਖਰਜੀ ਨੇ ਈਡੀ ਵੱਲੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਦਿੱਤੀ ਹੈ। -ਪੀਟੀਆਈ