ਨਵੀਂ ਦਿੱਲੀ, 27 ਜੂਨ
ਅਗਾਮੀ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ‘ਚ ਆਨਲਾਈਨ ਜੰਗ ਤੇਜ਼ ਹੋ ਗਈ ਹੈ। ਕਾਂਗਰਸ ਨੇ ਅੱਜ ਇੱਕ ਐਨੀਮੇਟਡ ਵੀਡੀਓ ਜਾਰੀ ਕੀਤੀ ਹੈ। ਵੀਡੀਓ ਵਿੱਚ ਸੱਤਾਧਾਰੀ ਭਾਜਪਾ ਫੁੱਟ ਪਾਊ ਨੀਤੀਆਂ ਘੜਦੀ ਦਿਖਾਈ ਗਈ ਹੈ ਜਦੋਂਕਿ ਰਾਹੁਲ ਗਾਂਧੀ ‘ਨਫਰਤ ਦੇ ਬਾਜ਼ਾਰ’ ਦੀ ਥਾਂ ‘ਮੁਹੱਬਤ ਦੀ ਦੁਕਾਨ’ ਖੋਲ੍ਹਦੇ ਦਿਖਾਏ ਗਏ ਹਨ। ਕਾਂਗਰਸ ਦੀ ਵੀਡੀਓ ਵਿੱਚ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਰਾਹੀਂ ਦੇਸ਼ ਨੂੰ ਇਕਜੁੱਟ ਕਰਦੇ ਦਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਵੀ ਕੁਝ ਮਹੀਨਿਆਂ ਪਹਿਲਾਂ ਐਨੀਮੇਟਡ ਵੀਡੀਓ ਜਾਰੀ ਕੀਤੀ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਜ ਦੇ ਵੱਖ ਵੱਖ ਵਰਗਾਂ ਦੀ ਸੇਵਾ ਕਰਨ ਦੇ ਮਿਸ਼ਨ ਦੀ ਅਗਵਾਈ ਕਰਦੇ ਦਿਖਾਏ ਗਏ ਸਨ। ਕਾਂਗਰਸ ਦੇ ਅਧਿਕਾਰਿਤ ਟਵਿੱਟਰ ਹੈਂਡਲ ‘ਤੇ ਜਾਰੀ ਕੀਤੀ ਗਈ 1:43 ਮਿੰਟ ਦੀ ਇਸ ਵੀਡੀਓ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਐਨੀਮੇਟਡ ਕਿਰਦਾਰ ਨੂੰ ਅਜਿਹਾ ਰਥ ਚਲਾਉਂਦਿਆਂ ਦਿਖਾਇਆ ਗਿਆ ਹੈ ਜਿਸ ਦੇ ਉਤੇ ਜਮਹੂਰੀਅਤ, ਮੀਡੀਆ ਤੇ ਨੌਕਰਸ਼ਾਹੀ ਨੂੰ ਜੰਜੀਰਾਂ ਨਾਲ ਜਕੜਿਆ ਹੋਇਆ ਹੈ। ਇਸ ਵੀਡੀਓ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਐਨੀਮੇਟਡ ਕਿਰਦਾਰ ਹਿੰਦੂ ਤੇ ਮੁਸਲਮਾਨ ਵਿਅਕਤੀਆਂ ਵਿਚਾਲੇ ਪਾੜਾ ਪਾਉਂਦਾ ਦਿਖਾਈ ਦੇ ਰਿਹਾ ਹੈ ਅਤੇ ਰਾਹੁਲ ਗਾਂਧੀ ਦੋਵਾਂ ਭਾਈਚਾਰਿਆਂ ਨੂੰ ਇਕਜੁੱਟ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਪਿੱਛੇ ‘ਕਿਸੀ ਕੀ ਮੁਸਕਰਾਹਟੋਂ ਪੇ ਹੋ ਨਿਸਾਰ’ ਗੀਤ ਦੀ ਧੁਨ ਵੱਜਦੀ ਹੈ। ਕਾਂਗਰਸ ਨੇ ਇਸ ਵੀਡੀਓ ਨੂੰ ‘ਮੁਹੱਬਤ ਕੀ ਦੁਕਾਨ’ ਦਾ ਨਾਮ ਦਿੱਤਾ ਹੈ। -ਪੀਟੀਆਈ