ਨਵੀਂ ਦਿੱਲੀ, 24 ਜੂਨ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਪਾਰਟੀ ਨੂੰ ਕੋਵਿਡ-19 ਟੀਕਾਕਰਨ ਦੀ ਮੁਕੰਮਲ ਕਵਰੇਜ ਯਕੀਨੀ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਜਿਥੇ ਕਿਤੇ ਵੀ ਵੈਕਸੀਨ ਬਾਰੇ ਦੁਬਿਧਾ ਦਾ ਮਾਹੌਲ ਹੋਵੇ, ਉਥੇ ਉਸ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੀ ਤਿਆਰੀ ਦੇ ਨਾਲ ਇਹਤਿਆਤੀ ਕਦਮ ਉਠਾਉਣ ਦੀ ਲੋੜ ਹੈ ਤਾਂ ਜੋ ਬੱਚੇ ਇਸ ਕਹਿਰ ਤੋਂ ਬਚੇ ਰਹਿਣ।
ਪਾਰਟੀ ਦੇ ਜਨਰਲ ਸਕੱਤਰਾਂ ਅਤੇ ਏਆਈਸੀਸੀ ਦੇ ਵੱਖ ਵੱਖ ਸੂਬਿਆਂ ਦੇ ਇੰਚਾਰਜਾਂ ਦੀ ਬੈਠਕ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਕੇਂਦਰ ਸਰਕਾਰ ’ਤੇ ਵੈਕਸੀਨੇਸ਼ਨ ਦੀ ਰੋਜ਼ਾਨਾ ਦਰ ਤਿੰਨ ਗੁਣਾ ਵਧਾਉਣ ਲਈ ਦਬਾਅ ਬਣਾ ਕੇ ਰੱਖਣ ਤਾਂ ਜੋ ਇਸ ਸਾਲ ਦੇ ਅਖੀਰ ਤੱਕ 75 ਫ਼ੀਸਦੀ ਆਬਾਦੀ ਦਾ ਮੁਕੰਮਲ ਤੌਰ ’ਤੇ ਟੀਕਾਕਰਨ ਹੋ ਸਕੇ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਜਪਾ ਵੱਲੋ ਕਾਂਗਰਸ ’ਤੇ ਦੋਸ਼ ਲਾਏ ਜਾ ਰਹੇ ਹਨ ਕਿ ਉਹ ਵੈਕਸੀਨ ਬਾਰੇ ਭੰਬਲਭੂਸਾ ਪੈਦਾ ਕਰ ਰਹੀ ਹੈ।
ਕਾਂਗਰਸ ਵੱਲੋਂ ਕੋਵਿਡ ਪ੍ਰਬੰਧਨ ਸਬੰਧੀ ਕੱਢੇ ਗਏ ਸਫ਼ੈਦ ਪੱਤਰ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਤਰਜਮਾ ਹੋਰ ਭਾਸ਼ਾਵਾਂ ’ਚ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਵੱਡੇ ਪੱਧਰ ’ਤੇ ਵੰਡਿਆ ਜਾ ਸਕੇ। ਈਂਧਣ ਦੀਆਂ ਕੀਮਤਾਂ ’ਚ ਵਾਧੇ ਦਾ ਜ਼ਿਕਰ ਕਰਦਿਆਂ ਕਾਂਗਰਸ ਮੁਖੀ ਨੇ ਕਿਹਾ ਕਿ ਇਸ ਦਾ ਲੋਕਾਂ ’ਤੇ ਬੋਝ ਪੈ ਰਿਹਾ ਹੈ ਅਤੇ ਪਾਰਟੀ ਵੱਲੋਂ ਪ੍ਰਦਰਸ਼ਨ ਕੀਤੇ ਗਏ ਹਨ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਨਾਲ ਕਿਸਾਨਾਂ ਅਤੇ ਲੱਖਾਂ ਪਰਿਵਾਰਾਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਤੇਲ ਅਤੇ ਦਾਲਾਂ ਵਰਗੀਆਂ ਜ਼ਰੂਰੀ ਵਸਤਾਂ ਦੇ ਭਾਅ ਅਸਮਾਨੀਂ ਚੜ੍ਹਨ ਨਾਲ ਲੋਕਾਂ ’ਚ ਵੱਡੇ ਪੱਧਰ ’ਤੇ ਰੋਸ ਪਾਇਆ ਜਾ ਰਿਹਾ ਹੈ। ‘ਇਹ ਉਸ ਸਮੇਂ ਹੋ ਰਿਹਾ ਹੈ ਜਦੋਂ ਬੇਰੁਜ਼ਗਾਰੀ ਵੱਧ ਰਹੀ ਹੈ ਅਤੇ ਆਰਥਿਕਤਾ ਨਿਘਾਰ ਵੱਲ ਹੈ।’ -ਪੀਟੀਆਈ