ਸ੍ਰੀਨਗਰ, 12 ਜੂਨ
ਇੱਥੋਂ ਦੇ ਇੱਕ ਵਕੀਲ ਨੇ ਭਾਜਪਾ ਤੋਂ ਮੁਅੱਤਲ ਪਾਰਟੀ ਦੀ ਤਰਜਮਾਨ ਨੂਪੁਰ ਸ਼ਰਮਾ ਦੇ ਹੋਰਾਂ ਖ਼ਿਲਾਫ਼ ਅਦਾਲਤ ’ਚ ਸ਼ਿਕਾਇਤ ਦਰਜ ਕਰਕੇ ਪੈਗੰਬਰ ਮੁਹੰਮਦ ਬਾਰੇ ਕੀਤੀ ਟਿੱਪਣੀ ਦੇ ਮਾਮਲੇ ’ਚ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸ਼ਿਕਾਇਤ ਨੂਪੁਰ ਸ਼ਰਮਾ, ਦਿੱਲੀ ਭਾਜਪਾ ਦੇ ਮੀਡੀਆ ਮੁਖੀ (ਹੁਣ ਬਰਖਾਸਤ) ਨਵੀਨ ਕੁਮਾਰ ਜਿੰਦਲ ਤੇ ਇੱਕ ਨਿੱਜੀ ਖ਼ਬਰ ਚੈਨਲ ਦੇ ਸੰਪਾਦਕ ਤੇ ਹੋਰਾਂ ਖ਼ਿਲਾਫ਼ ਦਰਜ ਕਰਵਾਈ ਗਈ ਹੈ। ਸ੍ਰੀਨਗਰ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਸ਼ਿਕਾਇਤ ਦਰਜ ਕਰਾਉਣ ਵਾਲੇ ਵਕੀਲ ਮੁਹੰਮਦ ਅਸ਼ਰਫ਼ ਭੱਟ ਨੇ ਮੁਲਜ਼ਮਾਂ ’ਤੇ ਅਪਰਾਧਿਕ ਸਾਜ਼ਿਸ਼ ਰਚਣ ਤੇ ਵੱਖ ਵੱਖ ਭਾਈਚਾਰਿਆਂ ਦਰਮਿਆਨ ਧਰਮ ਦੇ ਨਾਂ ’ਤੇ ਭੜਕਾਹਟ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। -ਪੀਟੀਆਈ
ਭਿਵੰਡੀ ਪੁਲੀਸ ਵੱਲੋਂ ਨੂਪੁਰ ਅਤੇ ਜਿੰਦਲ ਤਲਬ
ਠਾਣੇ: ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਸਬੰਧ ’ਚ ਮਹਾਰਾਸ਼ਟਰ ਦੀ ਭਿਵੰਡੀ ਪੁਲੀਸ ਨੇ ਭਾਜਪਾ ਆਗੂ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਨੂੰ ਤਲਬ ਕੀਤਾ ਹੈ। ਦੋਹਾਂ ਨੂੰ 15 ਜੂਨ ਨੂੰ ਬਿਆਨ ਦਰਜ ਕਰਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਖ਼ਿਲਾਫ਼ 30 ਮਈ ਨੂੰ ਰਜ਼ਾ ਅਕੈਡਮੀ ਦੇ ਨੁਮਾਇੰਦਿਆਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ।