ਨਵੀਂ ਦਿੱਲੀ, 20 ਜੂਨ
ਲੋਕ ਜਨਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਆਪਣੇ ਪਿਤਾ ਤੇ ਪਾਰਟੀ ਦੇ ਸੰਸਥਾਪਕ ਰਾਮ ਵਿਲਾਸ ਪਾਸਵਾਨ ਦੇ ਜਨਮ ਦਿਨ 5 ਜੁਲਾਈ ਤੋਂ ਬਿਹਾਰ ਵਿਚ ਪੈਂਦੇ ਹਾਜੀਪੁਰ ਤੋਂ ‘ਆਸ਼ੀਰਵਾਦ ਯਾਤਰਾ’ ਸ਼ੁਰੂ ਕਰਨਗੇ। ਇਹ ਯਾਤਰਾ ਬਿਹਾਰ ਭਰ ਵਿਚ ਜਾਵੇਗੀ। ਚਿਰਾਗ ਦੀ ਅਗਵਾਈ ਵਾਲੇ ਧੜੇ ਨੇ ਵਿਰੋਧੀ ਧਿਰ ਨਾਲ ਜਾਰੀ ਲੜਾਈ ਵਿਚਾਲੇ ਸੜਕ ’ਤੇ ਆਉਣ ਦਾ ਫ਼ੈਸਲਾ ਲਿਆ ਹੈ। ਲੋਕ ਜਨਸ਼ਕਤੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਹੋਈ ਇਕ ਮੀਟਿੰਗ ਤੋਂ ਬਾਅਦ ਚਿਰਾਗ ਪਾਸਵਾਨ ਵੱਲੋਂ ਇਹ ਐਲਾਨ ਕੀਤਾ ਗਿਆ। ਇਸ ਮੀਟਿੰਗ ਵਿਚ ਚਿਰਾਗ ਪਾਸਵਾਨ ਦੀ ਅਗਵਾਈ ਨੂੰ ਮਾਨਤਾ ਦਿੱਤੀ ਗਈ ਅਤੇ ਪਾਰਟੀ ਦੇ ਸੰਵਿਧਾਨ ਦੇ ਉਲਟ ਜਾ ਕੇ ਕੀਤੇ ਜਾ ਰਹੇ ਕੰਮਾਂ ਲਈ ਉਸ ਦੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਦੀ ਅਗਵਾਈ ਵਾਲੇ ਧੜੇ ’ਤੇ ਨਿਸ਼ਾਨਾ ਸੇਧਿਆ ਗਿਆ। ਸ੍ਰੀ ਪਾਸਵਾਨ ਨੇ ਕਿਹਾ ਕਿ ਮੀਟਿੰਗ ਵਿਚ ਕੌਮੀ ਕਾਰਜਕਾਰਨੀ ਦੇ 90 ਫ਼ੀਸਦ ਮੈਂਬਰ ਹਾਜ਼ਰ ਸਨ। -ਪੀਟੀਆਈ