ਨਵੀਂ ਦਿੱਲੀ, 1 ਸਤੰਬਰ
ਭਾਰਤ ਨੇ ਚੀਨ ਵੱਲੋਂ ਪੈਂਗੌਂਗ ਝੀਲ ਦੇ ਦੱਖਣੀ ਕੰਢੇ ’ਤੇ 29 ਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਕੀਤੀ ਸੱਜਰੀ ਘੁਸਪੈਠ ਨੂੰ ਦੋਵਾਂ ਮੁਲਕਾਂ ਵਿੱਚ ਬਣੀ ਸਹਿਮਤੀ ਦਾ ‘ਮੁਕੰਮਲ ਨਿਰਾਦਰ’ ਕਰਾਰ ਦਿੱਤਾ ਹੈ। ਭਾਰਤ ਨੇ ਸਫ਼ਾਰਤੀ ਤੇ ਫੌਜੀ ਚੈਨਲਾਂ ਜ਼ਰੀਏ ਭੇਜੇ ਸੁਨੇਹੇ ਵਿੱਚ ਚੀਨ ਨੂੰ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਤਾਇਨਾਤ ਆਪਣੇ ਫੌਜੀਆਂ ਨੂੰ ਅਨੁਸ਼ਾਸਨ ਤੇ ਜ਼ਾਬਤੇ ’ਚ ਰੱਖਣ ਲਈ ਕਿਹਾ ਹੈ। ਇਸ ਦੌਰਾਨ ਦੋਵਾਂ ਮੁਲਕਾਂ ਨੇ ਤਲਖੀ ਨੂੰ ਘਟਾਉਣ ਲਈ ਅੱਜ ਫ਼ੌਜੀ ਪੱਧਰ ਦੇ ਇਕ ਹੋਰ ਗੇੜ ਦੀ ਗੱਲਬਾਤ ਕੀਤੀ। ਸਰਕਾਰੀ ਸੂਤਰਾਂ ਨੇ ਕਿਹਾ ਕਿ ਬ੍ਰਿਗੇਡ ਕਮਾਂਡਰ ਪੱਧਰ ਦੀ ਗੱਲਬਾਤ ਅੱਜ ਸਵੇਰੇ ਦਸ ਵਜੇ ਚੁਸ਼ੂਲ ਵਿੱਚ ਅਸਲ ਕੰਟਰੋਲ ਰੇਖਾ ’ਤੇ ਭਾਰਤ ਵਾਲੇ ਪਾਸੇ ਹੋਈ। ਸੂਤਰਾਂ ਨੇ ਕਿਹਾ ਕਿ ਗੱਲਬਾਤ ਦਾ ਮੁੱਖ ਏਜੰਡਾ ਪੌਂਗੌਗ ਝੀਲ ਦੁਆਲੇ ਮੌਜੂਦਾ ਹਾਲਾਤ ਸਨ। ਉਂਜ ਮੀਟਿੰਗ ਬਾਰੇ ਬਹੁਤੀ ਤਫ਼ਸੀਲ ਨਹੀਂ ਮਿਲ ਸਕੀ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਨੇ ਸੋਮਵਾਰ ਨੂੰ ਛੇ ਘੰਟੇ ਦੇ ਕਰੀਬ ਗੱਲਬਾਤ ਕੀਤੀ ਸੀ, ਪਰ ਇਸ ਦੌਰਾਨ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਉਧਰ ਭਾਰਤੀ ਫ਼ੌਜ ਨੇ ਪੈਂਗੌਂਗ ਝੀਲ ਦੁਆਲੇ ਰਣਨੀਤਕ ਪੱਖੋਂ ਅਹਿਮ ਚੋਟੀਆਂ ’ਤੇ ਆਪਣੀ ਮੌਜੂਦਗੀ ਵਧਾ ਦਿੱਤੀ ਹੈ। ਵਿਸ਼ੇਸ਼ ਫਰੰਟੀਅਰ ਬਲ ਦੀ ਇਕ ਬਟਾਲੀਅਨ ਨੂੰ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਚੀਨ ਵੱਲੋਂ ਪੈਂਗੌਂਗ ਝੀਲ ਖੇਤਰ ਵਿੱਚ ‘ਮੌਜੂਦਾ ਸਥਿਤੀ’ ਨੂੰ ਬਦਲਣ ਲਈ ਕੀਤੀ ਗਈ ਸੱਜਰੀ ਕੋਸ਼ਿਸ਼ ਨੂੰ ਦੋਵਾਂ ਮੁਲਕਾਂ ਦਰਮਿਆਨ ਬਣੀ ਸਮਝ ਦਾ ‘ਮੁਕੰਮਲ ਨਿਰਾਦਰ’ ਦੱਸਿਆ ਹੈ। -ਏਜੰਸੀ