ਨਵੀਂ ਦਿੱਲੀ, 1 ਜੁਲਾਈ
ਚੀਨ ਅਸਲ ਕੰਟਰੋਲ ਰੇਖਾ ’ਤੇ ਬਣੇ ਫੌਜੀ ਟਕਰਾਅ ਨੂੰ ਘਟਾਉਣ ਲਈ ਜਿੱਥੇ ਭਾਰਤ ਨਾਲ ਗੱਲਬਾਤ ਦੀ ਮੇਜ਼ ’ਤੇ ਹੈ, ਉਥੇ ਦੂਜੇ ਪਾਸੇ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ ਨੇ ਐੱਲਏਸੀ ਦੇ ਨਾਲ ਵਿਵਾਦਿਤ ਖੇਤਰਾਂ ਵਿੱਚ ਆਪਣੀਆਂ ਦੋ ਹੋਰ ਡਿਵੀਜ਼ਨਾਂ ਤਾਇਨਾਤ ਕਰ ਦਿੱਤੀਆਂ ਹਨ। ਭਾਰਤ ਦੀ ਖੁਫੀਆ ਏਜੰਸੀਆਂ ਨਾਲ ਜੁੜੇ ਸੂਤਰਾਂ ਨੇ ਕਿਹਾ, ‘ਕੁੱਲ ਮਿਲਾ ਕੇ ਚੀਨ ਨੇ ਪੂਰਬੀ ਲੱਦਾਖ ਖੇਤਰ ਵਿੱਚ 24000 ਦੇ ਕਰੀਬ ਫੌਜੀਆਂ ਦੀ ਨਫ਼ਰੀ ਤਾਇਨਾਤ ਕੀਤੀ ਹੈ।’ ਸੂਤਰਾਂ ਨੇ ਕਿਹਾ ਕਿ ਇਕ ਡਿਵੀਜ਼ਨ ਵਿੱਚ ਆਮ ਕਰਕੇ 12 ਹਜ਼ਾਰ ਫੌਜੀ ਹੁੰਦੇ ਹਨ। ਸੂਤਰਾਂ ਮੁਤਾਬਕ ਚੀਨੀ ਫੌਜਾਂ ਨੇ ਸਰਹੱਦੀ ਹਾਲਾਤ ਨੂੰ ਹੋਰ ਹਵਾ ਦੇਣ ਲਈ ਐੱਲਏਸੀ ਦੇ ਨਾਲ ਟੈਂਕ ਤੇ ਜੰਗੀ ਜਹਾਜ਼ਾਂ ਦੀ ਫਲੀਟ ਵੀ ਤਾਇਨਾਤ ਕੀਤੀ ਹੈ। ਤਿੱਬਤ ਖੇਤਰ ਵਿੱਚ ਆਮ ਕਰਕੇ ਚੀਨ ਦੋ ਡਿਵੀਜ਼ਨਾਂ ਹੀ ਰੱਖਦਾ ਹੈ, ਪਰ ਹੁਣ ਉਸ ਨੇ ਦੂਰ-ਦੁਰਾਡੇ ਖੇਤਰਾਂ ’ਚ ਤਾਇਨਾਤ ਦੋ ਹੋਰ ਡਿਵੀਜ਼ਨਾਂ ਨੂੰ ਸੱਦ ਲਿਆ ਹੈ।