ਨਵੀਂ ਦਿੱਲੀ, 12 ਅਗਸਤ
ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ ਸੁਪਰੀਮ ਕੋਰਟ ’ਚ ਸੱਤ ਸਾਲ ਤੋਂ ਵੱਧ ਸਮੇਂ ਤੱਕ ਸੇਵਾਵਾਂ ਦੇਣ ਵਾਲੇ ਜਸਟਿਸ ਰੋਹਿੰਟਨ ਫਲੀ ਨਰੀਮਨ ਦੀ ਸੇਵਾਮੁਕਤੀ ’ਤੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੰਦਿਆਂ ਕਿਹਾ ਕਿ ‘ਭਾਰਤੀ ਨਿਆਂਪਾਲਿਕਾ ਦਾ ਇਕ ਸ਼ੇਰ ਅੱਜ ਉਨ੍ਹਾਂ ਦਾ ਸਾਥ ਛੱਡ ਕੇ ਜਾ ਰਿਹਾ ਹੈ।’ ਸੁਪਰੀਮ ਕੋਰਟ ’ਚ 7 ਜੁਲਾਈ, 2014 ਨੂੰ ਜੱਜ ਬਣਨ ਵਾਲੇ ਜਸਟਿਸ ਨਰੀਮਨ ਨੇ 13,500 ਤੋਂ ਜ਼ਿਆਦਾ ਕੇਸਾਂ ਦਾ ਨਬਿੇੜਾ ਕੀਤਾ। ਉਨ੍ਹਾਂ ਨਿੱਜਤਾ ਨੂੰ ਬੁਨਿਆਦੀ ਹੱਕ ਐਲਾਨਣ, ਗ੍ਰਿਫ਼ਤਾਰੀ ਦੀ ਤਾਕਤ ਦੇਣ ਵਾਲੇ ਆਈਟੀ ਐਕਟ ਦੀ ਧਾਰਾ ਨੂੰ ਰੱਦ ਕਰਨ, ਸਹਿਮਤੀ ਨਾਲ ਸਮਲਿੰਗੀ ਜਿਨਸੀ ਸਬੰਧਾਂ ਨੂੰ ਜੁਰਮ ਦੀ ਸ਼੍ਰੇਣੀ ਤੋਂ ਹਟਾਉਣ ਅਤੇ ਹਰ ਉਮਰ ਦੀਆਂ ਮਹਿਲਾਵਾਂ ਨੂੰ ਕੇਰਲਾ ਦੇ ਸ਼ਬਰੀਮਾਲਾ ਮੰਦਰ ’ਚ ਦਾਖ਼ਲੇ ਦੀ ਇਜਾਜ਼ਤ ਦੇਣ ਸਮੇਤ ਕਈ ਇਤਿਹਾਸਕ ਫ਼ੈਸਲੇ ਸੁਣਾਏ। ਦੁਪਹਿਰ ਦੀ ਰਸਮੀ ਸੁਣਵਾਈ ਲਈ ਜਸਟਿਸ ਨਰੀਮਨ ਅਤੇ ਸੂਰਿਆ ਕਾਂਤ ਨਾਲ ਬੈਂਚ ਸਾਂਝੀ ਕਰਨ ਵਾਲੇ ਚੀਫ਼ ਜਸਟਿਸ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਜਜ਼ਬਾਤੀ ਹੋ ਗਏ ਅਤੇ ਉਨ੍ਹਾਂ ਰਵਾਇਤ ਤੋਂ ਹਟ ਕੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਤੋਂ ਇਲਾਵਾ ਸਾਰੇ ਇਛੁੱਕ ਵਕੀਲਾਂ ਨੂੰ ਸੇਵਾਮੁਕਤ ਹੋ ਰਹੇ ਸਾਥੀ ਦੇ ਸਨਮਾਨ ’ਚ ਕੁਝ ਸ਼ਬਦ ਬੋਲਣ ਦੀ ਮਨਜ਼ੂਰੀ ਦਿੱਤੀ।
ਉਨ੍ਹਾਂ ਕਿਹਾ ਕਿ ਭਰਾ ਨਰੀਮਨ ਸਹੀ ਸਿਧਾਂਤਾਂ ’ਤੇ ਚੱਲਣ ਅਤੇ ਸਹੀ ਗੱਲ ਕਰਨ ਵਾਲੇ ਵਿਅਕਤੀ ਹਨ। ‘ਨਿੱਜੀ ਤੌਰ ’ਤੇ ਮੈਂ ਥੋੜਾ ਭਾਵੁਕ ਹੋ ਗਿਆ ਹਾਂ ਅਤੇ ਮੈਨੂੰ ਆਪਣੇ ਖਿਆਲ ਪ੍ਰਗਟਾਉਣ ਲਈ ਸ਼ਬਦ ਮਿਲਣੇ ਮੁਸ਼ਕਲ ਹੋ ਰਹੇ ਹਨ।’ ਉਨ੍ਹਾਂ ਕਿਹਾ ਕਿ ਸ਼੍ਰੇਆ ਸਿੰਘਲ ਜਿਹੇ ਕੇਸਾਂ ’ਚ ਜਸਟਿਸ ਨਰੀਮਨ ਦੇ ਫ਼ੈਸਲਿਆਂ ਨੇ ਪੱਕੀ ਛਾਪ ਛੱਡੀ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਉਨ੍ਹਾਂ ਨੂੰ 1993 ’ਚ ਤਤਕਾਲੀ ਚੀਫ਼ ਜਸਟਿਸ ਐੱਮ ਐੱਨ ਵੈਂਕਟਚਲੱਈਆ ਨੇ ਉਸ ਨਿਯਮ ’ਚ ਸੋਧ ਕਰਕੇ 37 ਸਾਲ ਦੀ ਉਮਰ ’ਚ ਸੀਨੀਅਰ ਵਕੀਲ ਬਣਾਇਆ ਸੀ ਜੋ ਕਿਸੇ ਵਕੀਲ ਨੂੰ ਅਜਿਹਾ ਅਹੁਦਾ ਦੇਣ ਲਈ ਘੱਟੋ ਘੱਟ 45 ਸਾਲ ਨਿਰਧਾਰਤ ਕਰਦਾ ਸੀ। ਇਸੇ ਦੌਰਾਨ ਜਸਟਿਸ ਨਰੀਮਨ ਨੇ ਕਿਹਾ ਕਿ ਜੁਡੀਸ਼ਰੀ ’ਚ ਨਿਯੁਕਤੀ ਦੇ ਹੋਰਨਾਂ ਤੱਤਾਂ ਦੀ ਥਾਂ ਮੈਰਿਟ ਨੂੰ ਆਧਾਰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਆਪਣੇ ਸੇਵਾ ਕਾਲ ਦੇ ਤਜਰਬੇ ਬਾਰੇ ਕਿਹਾ ਇਹ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਥਕਾਉਣ ਵਾਲੇ ਸਾਲ ਸਨ। -ਪੀਟੀਆਈ