ਨਵੀਂ ਦਿੱਲੀ, 13 ਅਪਰੈਲ
ਸੁਸ਼ੀਲ ਚੰਦਰਾ ਨੇ ਮੰਗਲਵਾਰ ਨੂੰ ਭਾਰਤ ਦੇ 24ਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਸੋਮਵਾਰ ਨੂੰ ਸੁਨੀਲ ਅਰੋੜਾ ਵੱਲੋਂ ਪਦ ਤਿਆਗਣ ਮਗਰੋਂ ਸੁਸ਼ੀਲ ਚੰਦਰਾ ਮੁੱਖ ਚੋਣ ਕਮਿਸ਼ਨ ਚੁਣੇ ਗਏ ਸਨ। ਦੱਸਣਯੋਗ ਹੈ ਕਿ ਸ੍ਰੀ ਚੰਦਰਾ ਫਰਵਰੀ, 2019 ਵਿੱਚ ਚੋਣ ਕਮਿਸ਼ਨਰ ਨਿਯੁਕਤ ਹੋਏ ਸਨ ਤੇ ਹੁਣ ਉਹ 14 ਮਈ, 2022 ਨੂੰ ਆਪਣਾ ਅਹੁਦਾ ਤਿਆਗਣਗੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਗੋਆ, ਮਨੀਪੁਰ, ਉਤਰਾਖੰਡ, ਪੰਜਾਬ ਤੇ ਉੱਤਰ ਪ੍ਰਦੇਸ਼ ’ਚ ਵੋਟਾਂ ਪੈਣੀਆਂ ਹਨ। ਗੋਆ, ਮਨੀਪੁਰ, ਉਤਰਾਖੰਡ ਅਤੇ ਪੰਜਾਬ ਵਿਧਾਨ ਸਭਾਵਾਂ ਦੀ ਮਿਆਦ ਅਗਲੇ ਸਾਲ ਮਾਰਚ ਮਹੀਨੇ ’ਚ ਖਤਮ ਹੋਵੇਗੀ, ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਮਿਆਦ ਅਗਲੇ ਸਾਲ 14 ਮਈ ਨੂੰ ਖਤਮ ਹੋਵੇਗੀ। ਸ੍ਰੀ ਚੰਦਰਾ 1980 ਬੈਚ ਦੇ ਭਾਰਤੀ ਰੈਵੇਨਿਊ ਸਰਵਿਸ ਦੇ ਅਧਿਕਾਰੀ ਹਨ। ਅਹੁਦਾ ਸੰਭਾਲਣ ਤੋਂ ਬਾਅਦ ਸੁਸ਼ੀਲ ਚੰਦਰਾ ਨੇ ਕਿਹਾ ਕਿ ਉਹ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਅਮਨ ਅਮਾਨ ਤੇ ਨਿਰਪੱਖ ਢੰਗ ਨਾਲ ਕਰਵਾਉਣਾ ਯਕੀਨੀ ਬਣਾਉਣਾ ਚਾਹੁਣਗੇ ਤਾਂ ਜੋ ਸੰਵੇਦਨਸ਼ੀਲ ਖੇਤਰਾਂ ’ਚ ਵੀ ਵੋਟਰ ਬਿਨਾਂ ਕਿਸੇ ਡਰ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਨ੍ਹਾਂ ਕਿਹਾ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਲਈ ਇੱਕ ਮਾਹੌਲ ਬਣਾਉਣਾ ਪਵੇਗਾ। ਇਹ ਪੁੱਛੇ ਜਾਣ ’ਤੇ ਕਿ ਚੋਣ ਕਮਿਸ਼ਨ ਇਸ ਦਿਸ਼ਾ ’ਚ ਕਿਵੇਂ ਅੱਗੇ ਵਧੇਗਾ, ਉਨ੍ਹਾਂ ਕਿਹਾ ਕਿ ਕਮਿਸ਼ਨ ਨਿਗਰਾਨੀ ਕਰ ਰਿਹਾ ਹੈ ਅਤੇ ਜ਼ਮੀਨੀ ਪੱਧਰ ’ਤੇ ਮੌਜੂਦ ਸਾਰੇ ਅਧਿਕਾਰੀਆਂ ਤੇ ਧਿਰਾਂ ਨਾਲ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਬੰਗਾਲ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ’ਚ ਪੂਰਾ ਜ਼ੋਰ ਲਾਉਣ ਵਾਲੀ ਭਾਜਪਾ ਤੇ ਟੀਐੱਮਸੀ ਦੇ ਆਗੂ ਇੱਕ-ਦੂਜੇ ਨਿਸ਼ਾਨੇ ਲਗਾ ਰਹੇ ਹਨ ਤੇ ਚੋਣ ਕਮਿਸ਼ਨ ਨੇ ਇਤਰਾਜ਼ਯੋਗ ਭਾਸ਼ਣਾਂ ਲਈ ਦੋਵਾਂ ਧਿਰਾਂ ਦੇ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। -ਪੀਟੀਆਈ