ਨਵੀਂ ਦਿੱਲੀ, 9 ਸਤੰਬਰ
ਮੁੱਖ ਅੰਸ਼
- ਦੇਵੀ ਲਾਲ ਦੇ ਜਨਮ ਦਿਹਾੜੇ ਮੌਕੇ ਆਈਐੱਨਐਲਡੀ 25 ਸਤੰਬਰ ਨੂੰ ਕਰਵਾਏਗੀ ਰੈਲੀ
- ਹੋਰਨਾਂ ਵਿਰੋਧੀ ਧਿਰਾਂ ਸਣੇ ਕਾਂਗਰਸ ਨੂੰ ਵੀ ਸੱਦਾ ਭੇਜ ਸਕਦੇ ਨੇ ਚੌਟਾਲਾ
ਆਈਐੱਨਐਲਡੀ ਦੇ ਸਰਪ੍ਰਸਤ ਓਮ ਪ੍ਰਕਾਸ਼ ਚੌਟਾਲਾ ਨੇ ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਐੱਨਸੀਪੀ ਦੇ ਸੁਪਰੀਮੋ ਸ਼ਰਦ ਪਵਾਰ ਨੂੰ ਆਪਣੀ ਪਾਰਟੀ ਦੀ 25 ਸਤੰਬਰ ਨੂੰ ਹੋਣ ਵਾਲੀ ਰੈਲੀ ਲਈ ਸੱਦਾ ਦਿੱਤਾ ਹੈ। ਇਸ ਰੈਲੀ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਹਿੱਸਾ ਲੈਣਗੇ। ਚੌਟਾਲਾ ਨੇ ਕਿਹਾ ਕਿ ਹਰਿਆਣਾ ਦੇ ਫਤਿਹਾਬਾਦ ਵਿਚ ਹੋਣ ਵਾਲੀ ਰੈਲੀ ਲਈ ਉਹ ਕਾਂਗਰਸ ਨੂੰ ਸੱਦਾ ਭੇਜਣ ਬਾਰੇ ਵੀ ਸੋਚ ਰਹੇ ਹਨ। ਓਮ ਪ੍ਰਕਾਸ਼ ਚੌਟਾਲਾ ਅੱਜ ਇੱਥੇ ਯੇਚੁਰੀ ਤੇ ਪਵਾਰ ਨੂੰ ਮਿਲੇ ਤੇ ਰਸਮੀ ਤੌਰ ’ਤੇ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਹ ਰੈਲੀ ਓਪੀ ਚੌਟਾਲਾ ਆਪਣੇ ਪਿਤਾ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਜਨਮ ਦਿਹਾੜੇ ਮੌਕੇ ਕਰਵਾ ਰਹੇ ਹਨ। ਜੇਡੀ(ਐੱਸ) ਦੇ ਆਗੂ ਐਚ.ਡੀ. ਦੇਵਗੌੜਾ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੂੰ ਵੀ ਰੈਲੀ ਲਈ ਸੱਦਾ ਭੇਜਿਆ ਗਿਆ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਆਈਐੱਨਐਲਡੀ) ਵੱਲੋਂ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ, ਟੀਡੀਪੀ ਦੇ ਪ੍ਰਧਾਨ ਐੱਨ. ਚੰਦਰਬਾਬੂ ਨਾਇਡੂ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੀ ਸੱਦਾ ਭੇਜਿਆ ਜਾਵੇਗਾ। ਚੌਟਾਲਾ ਨੇ ਦਾਅਵਾ ਕੀਤਾ ਕਿ ਲੋਕ ਭਾਜਪਾ ਤੋਂ ਅੱਕ ਚੁੱਕੇ ਹਨ ਤੇ ‘ਮੁਲਕ ਵਿਚ ਕੇਂਦਰ ਸਰਕਾਰ ਦੀ ਸੱਤਾਧਾਰੀ ਧਿਰ ਖ਼ਿਲਾਫ਼ ਮਾਹੌਲ ਬਣ ਰਿਹਾ ਹੈ।’ ਉਨ੍ਹਾਂ ਕਿਹਾ ਕਿ 25 ਸਤੰਬਰ ਦੀ ਰੈਲੀ ਵਿਰੋਧੀ ਧਿਰਾਂ ਦੇ ਏਕੇ ਨੂੰ ਹੀ ਨਹੀਂ ਦਰਸਾਏਗੀ, ਬਲਕਿ ਇਹ ਭਾਜਪਾ ਵਿਰੁੱਧ ਗੁੱਸੇ ਦਾ ਪ੍ਰਤੀਕ ਵੀ ਬਣੇਗੀ। ਉਨ੍ਹਾਂ ਕਿਹਾ ਕਿ ਸਾਰੇ ‘ਸਮਾਜਵਾਦੀ’ ਤੇ ਜਨਤਾ ਦਲ ਨਾਲ ਜੁੜੇ ਰਹੇ ਆਗੂਆਂ ਨੂੰ ਇਕ ਮੰਚ ’ਤੇ ਇਕੱਠੇ ਹੋਣਾ ਚਾਹੀਦਾ ਹੈ। -ਪੀਟੀਆਈ