ਨਵੀਂ ਦਿੱਲੀ: ਕਾਂਗਰਸ ਨੇ ਮੁਲਕ ’ਚ ਕਰੋਨਾ ਵੈਕਸੀਨ ਦੀ ਕਮੀ ਦਾ ਦਾਅਵਾ ਕਰਦਿਆਂ ਕੇਂਦਰ ਨੂੰ ਕਿਹਾ ਹੈ ਕਿ ਉਹ ਟੀਕਾਕਰਨ ਦੇ ਜ਼ਿਲ੍ਹੇਵਾਰ ਅੰਕੜੇ ਰੋਜ਼ਾਨਾ ਜਾਰੀ ਕਰੇ ਕਿਉਂਕਿ ਸੂਬਾ ਪੱਧਰ ਦੇ ਅੰਕੜਿਆਂ ’ਚ ਕਈ ਤੱਥਾਂ ਨੂੰ ਲੁਕੋ ਲਿਆ ਜਾਂਦਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਹੰਕਾਰੀ ਹਨ। ਹਿੰਦੀ ’ਚ ਕੀਤੇ ਗਏ ਟਵੀਟ ’ਚ ਉਨ੍ਹਾਂ ਲਿਖਿਆ,‘‘ਇਕ ਤਾਂ ਮਹਾਮਾਰੀ, ਉਪਰੋਂ ਪ੍ਰਧਾਨ ਮੰਤਰੀ ਹੰਕਾਰੀ।’’ ਟਵੀਟ ਦੇ ਨਾਲ ਉਨ੍ਹਾਂ ਇਕ ਮੀਡੀਆ ਰਿਪੋਰਟ ਵੀ ਨੱਥੀ ਕੀਤੀ ਹੈ ਜਿਸ ’ਚ ਕੋਵੀਸ਼ੀਲਡ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਵੈਕਸੀਨ ਦਾ ਐਲਾਨ ਕਰਨ ਤੋਂ ਪਹਿਲਾਂ ਵਿਸ਼ਵ ਸਿਹਤ ਸੰਸਥਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ। ਇਕ ਹੋਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਟੀਕਿਆਂ ਦੀ ਘਾਟ ਕਾਰਨ ਦਿੱਲੀ ਵੱਲੋਂ 18 ਤੋਂ 44 ਸਾਲ ਦੇ ਟੀਕਾਕਰਨ ਕੇਂਦਰ ਬੰਦ ਕੀਤੇ ਜਾਣ ਮਗਰੋਂ ਹੁਣ ਤਿਲੰਗਾਨਾ ਤੋਂ ਵੀ ਮਾੜੀ ਖ਼ਬਰ ਆਈ ਹੈ। ਉਨ੍ਹਾਂ ਟਵਿੱਟਰ ’ਤੇ ਕਿਹਾ,‘‘ਕੇਂਦਰੀ ਸਿਹਤ ਮੰਤਰਾਲੇ ਨੂੰ ਹਰ ਰੋਜ਼ ਜ਼ਿਲ੍ਹਾਵਾਰ ਲਗਾਏ ਜਾਣ ਵਾਲੇ ਟੀਕਿਆਂ ਦੀ ਗਿਣਤੀ ਦੱਸਣੀ ਚਾਹੀਦੀ ਹੈ। ਪੂਰੇ ਸੂਬੇ ਦੀ ਗਿਣਤੀ ਦੌਰਾਨ ਕਈ ਹੈਰਾਨੀਜਨਕ ਤੱਥਾਂ ਨੂੰ ਲੁਕੋ ਲਿਆ ਜਾਂਦਾ ਹੈ।’’ ਉਨ੍ਹਾਂ ਸਿਹਤ ਮੰਤਰੀ ਹਰਸ਼ ਵਰਧਨ ਨੂੰ ਸਵਾਲ ਕੀਤਾ ਕਿ ਜੇਕਰ ਵੈਕਸੀਨ ਦੀ ਕੋਈ ਘਾਟ ਨਹੀਂ ਹੈ ਤਾਂ ਕੀ ਉਹ ਦਿੱਲੀ ਅਤੇ ਤਿਲੰਗਾਨਾ ਤੋਂ ਆ ਰਹੀਆਂ ਰਿਪੋਰਟਾਂ ਬਾਰੇ ਕੋਈ ਜਵਾਬ ਦੇਣਾ ਪਸੰਦ ਕਰਨਗੇ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਵੈਕਸੀਨ ਨਾ ਹੋਣ ਕਾਰਨ ਤਿਲੰਗਾਨਾ ਦੇ 33 ’ਚੋਂ 29 ਜ਼ਿਲ੍ਹਿਆਂ ’ਚ ਕਿਸੇ ਨੂੰ ਵੀ ਟੀਕਾ ਨਹੀਂ ਲਗਾਇਆ ਗਿਆ ਹੈ। -ਪੀਟੀਆਈ
ਸੂਬਿਆਂ ਨੂੰ ਕਰੋਨਾ ਵੈਕਸੀਨ ਦੀਆਂ 21.80 ਕਰੋੜ ਖੁਰਾਕਾਂ ਦਿੱਤੀਆਂ: ਕੇਂਦਰ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ ਕਰੋਨਾ ਵੈਕਸੀਨ ਦੀਆਂ 21.80 ਕਰੋੜ ਤੋਂ ਜ਼ਿਆਦਾ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬਿਆਂ ਕੋਲ ਅਜੇ ਵੀ ਟੀਕੇ ਦੀਆਂ 1.90 ਕਰੋੜ ਤੋਂ ਜ਼ਿਆਦਾ ਖੁਰਾਕਾਂ ਪਈਆਂ ਹਨ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਸਰਕਾਰ ਨੇ ਹੁਣ ਤੱਕ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਅਤੇ ਸਿੱਧੀ ਖ਼ਰੀਦ ਰਾਹੀਂ ਕਰੋਨਾ ਵੈਕਸੀਨ ਦੀਆਂ 21,80,51,890 ਖੁਰਾਕਾਂ ਦਿੱਤੀਆਂ ਹਨ। ਇਸ ’ਚੋਂ ਖ਼ਰਾਬ ਹੋਈਆਂ ਖੁਰਾਕਾਂ ਸਮੇਤ 22 ਮਈ ਤੱਕ 19,90,31,577 ਖੁਰਾਕਾਂ ਲਾਈਆਂ ਜਾ ਚੁੱਕੀਆਂ ਹਨ। ਮੰਤਰਾਲੇ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਕਰੋਨਾ ਵੈਕਸੀਨ ਦੀਆਂ 1,90,20,313 ਖੁਰਾਕਾਂ ਪਈਆਂ ਹਨ। -ਪੀਟੀਆਈ