ਪਟਨਾ, 13 ਅਗਸਤ
ਬਿਹਾਰ ਵਿੱਚ ਵਿਰੋਧੀ ਪਾਰਟੀ ਆਰਜੇਡੀ ਦੇ ਆਗੂ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਜਾਤ ਅਧਾਰਤ ਮਰਦਮਸ਼ੁਮਾਰੀ ਕਰਾਉਣ ਦੀ ਸੂਬਾ ਸਰਕਾਰ ਦੀ ਮੰਗ ਨੂੰ ਪੂਰਾ ਕਰਨ ਤੋਂ ਪਿੱਛੇ ਹਟ ਰਹੀ ਹੈ। ਪਾਰਟੀ ਆਗੂ ਤੇਜਸਵੀ ਯਾਦਵ ਨੇ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੋਦੀ ਨੇ ਛੇਤੀ ਹੀ ਇਸ ਮੰਗ ’ਤੇ ਧਿਆਨ ਨਾ ਦਿੱਤਾ ਤਾਂ ਸੂਬੇ ਦੇ ਆਗੂ ਉਦੋਂ ਤੱਕ ਜੰਤਰ-ਮੰਤਰ ’ਤੇ ਧਰਨਾ ਦੇਣਗੇ, ਜਦੋਂ ਤੱਕ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਵੇਗੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਲਗਪਗ ਇੱਕ ਹਫ਼ਤਾ ਪਹਿਲਾਂ ਪ੍ਰਧਾਨ ਮੰਤਰੀ ਨੂੰ ਭੇਜੀ ਗਈ ਚਿੱਠੀ ਦਾ ਜ਼ਿਕਰ ਕਰਦਿਆਂ ਸ੍ਰੀ ਯਾਦਵ ਨੇ ਕਿਹਾ, ‘ਇਹ ਬਹੁਤ ਹੀ ਮਾੜੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਚਿੱਠੀ ਦਾ ਜਵਾਬ ਦੇਣ ਦੀ ਖੇਚਲ ਵੀ ਨਹੀਂ ਕੀਤੀ।’ ਚਿੱਠੀ ਵਿੱਚ ਨਿਤੀਸ਼ ਕੁਮਾਰ ਨੇ ਬਿਹਾਰ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ ਕਰਨ ਲਈ ਸਮਾਂ ਮੰਗਿਆ ਸੀ। ਸ੍ਰੀ ਯਾਦਵ ਨੇ ਕਿਹਾ, ‘ਇਹ ਉਦੋਂ ਹੋ ਰਿਹਾ ਹੈ, ਜਦੋਂ ਬਿਹਾਰ ਦੇ ਵਸਨੀਕਾਂ ਨੇ ਦਿਲ ਖੋਲ੍ਹ ਕੇ ਭਾਜਪਾ ਸਰਕਾਰ ਨੂੰ ਵੋਟ ਪਾਈ ਤੇ ਭਾਜਪਾ ਦੀ ਅਗਵਾਈ ਹੇਠਲੇ ਗਠਜੋੜ ਨੇ 40 ਵਿੱਚੋਂ 39 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।’ ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਵਿੱਚ ਯਾਦਵ ਦੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ, ਪਰ ਦੋ ਵਰ੍ਹਿਆਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਵਾਪਸੀ ਕੀਤੀ ਸੀ। ਸ੍ਰੀ ਯਾਦਵ ਨੇ ਕਿਹਾ ਕਿ ਚਿੱਠੀ ਦਾ ਜਵਾਬ ਨਾ ਦੇ ਕੇ ਪ੍ਰਧਾਨ ਮੰਤਰੀ ਸਾਡੇ ਮੁੱਖ ਮੰਤਰੀ ਦੀ ਬੇਇੱਜ਼ਤੀ ਕਰ ਰਹੇ ਹਨ। -ਪੀਟੀਆਈ