ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸੁਰੱਖਿਆ ਦੇਣ ’ਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਤਿਵਾਦ ਨਾ ਤਾਂ ਨੋਟਬੰਦੀ ਕਰਨ ਨਾਲ ਰੁਕਿਆ ਤੇ ਨਾ ਹੀ ਧਾਰਾ 370 ਹਟਾਉਣ ਨਾਲ ਰੁਕਿਆ ਹੈ। ਉਨ੍ਹਾਂ ਟਵੀਟ ਕੀਤਾ, ‘ਕਸ਼ਮੀਰ ’ਚ ਹਿੰਸਾ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅਤਿਵਾਦ ਨਾ ਤਾਂ ਨੋਟਬੰਦੀ ਨਾਲ ਰੁਕਿਆ ਨਾ ਧਾਰਾ 370 ਹਟਣ ਨਾਲ। ਕੇਂਦਰ ਸਰਕਾਰ ਸੁਰੱਖਿਆ ਦੇਣ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।’ ਉਨ੍ਹਾਂ ਕਿਹਾ, ‘ਸਾਡੇ ਕਸ਼ਮੀਰੀ ਭਰਾਵਾਂ-ਭੈਣਾਂ ’ਤੇ ਹੋ ਰਹੇ ਇਨ੍ਹਾਂ ਹਮਲਿਆਂ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਉਂਦੇ ਹਾਂ।’ -ਪੀਟੀਆਈ