ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 13 ਅਪਰੈਲ
ਪ੍ਰੀਖਿਆਵਾਂ ਮੁਲਤਵੀ ਕਰਨ ਦੀ ਉੱਠ ਰਹੀ ਮੰਗ ਦੇ ਮੱਦੇਨਜ਼ਰ ਸੀਬੀਐੱਸਈ ਅਤੇ ਕੇਂਦਰ ਦਸਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ’ਤੇ ‘ਮੁੜ ਵਿਚਾਰ’ ਕਰ ਸਕਦਾ ਹੈ। ਇਹ ਪ੍ਰੀਖਿਆਵਾਂ 4 ਮਈ ਤੋਂ ਸ਼ੁਰੂ ਹੋਣੀਆਂ ਹਨ। ਕੋਵਿਡ ਦੇ ਕੇਸ ਤੇਜ਼ੀ ਨਾਲ ਵਧਣ ਕਾਰਨ ਵਿਦਿਆਰਥੀ, ਅਧਿਆਪਕ ਤੇ ਮਾਪੇ ਪ੍ਰੀਖਿਆ ਅੱਗੇ ਪਾਉਣ ਦੀ ਮੰਗ ਕਰ ਰਹੇ ਹਨ। ਅਧਿਕਾਰੀਆਂ ਮੁਤਾਬਕ ਬੋਰਡ ਪ੍ਰੀਖਿਆ ਰੱਦ ਕਰਨ ਜਾਂ ਆਨਲਾਈਨ ਲੈਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਤਰੀਕਾਂ ਬਦਲਣ ਬਾਰੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ। ਹਾਲੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰਾਲਾ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਸੀਬੀਐੱਸਈ ਨਾਲ ਵੀ ਇਸ ਮੁੱਦੇ ਉਤੇ ਰਾਬਤਾ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਲੇ ਸਮਾਂ ਬਾਕੀ ਹੈ ਤੇ ਸਾਰੇ ਪੱਖਾਂ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਬੀਐੱਸਈ ਨੂੰ ਅਪੀਲ ਕੀਤੀ ਹੈ ਕਿ ਬੋਰਡ ਪ੍ਰੀਖਿਆ ਰੱਦ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਮੌਕੇ ਲੱਖਾਂ ਵਿਦਿਆਰਥੀ ਤੇ ਅਧਿਆਪਕ ਮੌਜੂਦ ਹੋਣਗੇ। ਇਸ ਤਰ੍ਹਾਂ ਪ੍ਰੀਖਿਆ ਕੇਂਦਰ ‘ਹੌਟਸਪੌਟ’ ਬਣ ਸਕਦੇ ਹਨ।