ਨਵੀਂ ਦਿੱਲੀ: ਸੀਬੀਆਈ ਨੇ ਰੇਲਵੇ ’ਚ ਨੌਕਰੀਆਂ ਬਦਲੇ ਉਮੀਦਵਾਰਾਂ ਤੋਂ ਜ਼ਮੀਨ ਲੈਣ ਦੇ ਦੋਸ਼ ਹੇਠ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਇੱਕ ਨਵਾਂ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਕਥਿਤ ਘੁਟਾਲਾ ਉਸ ਸਮੇਂ ਦਾ ਹੈ ਜਦੋਂ ਲਾਲੂ ਪ੍ਰਸਾਦ ਯਾਦਵ ਯੂਪੀਏ ਸਰਕਾਰ ’ਚ ਕੇਂਦਰੀ ਮੰਤਰੀ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਦੋਸ਼ਾਂ ਦੀ ਮੁੱਢਲੀ ਜਾਂਚ ਮਗਰੋਂ ਕੇਸ ਦਰਜ ਕੀਤਾ ਹੈ। ਯਾਦਵ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਧੀ ਮੀਸਾ ਤੇ ਹੇਮਾ ਤੋਂ ਇਲਾਵਾ ਕਈ ਉਮੀਦਵਾਰਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਮਗਰੋਂ ਸੀਬੀਆਈ ਨੇ ਅੱਜ ਸਵੇਰੇ ਦਿੱਲੀ, ਪਟਨਾ ਤੇ ਗੋਪਾਲਗੰਜ ’ਚ 16 ਥਾਵਾਂ ’ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਆਈਪੀਸੀ ਦੀ ਧਾਰਾ 120ਬੀ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਦਰਜ ਕੀਤੇ ਗਏ ਕੇਸ ਅਨੁਸਾਰ ਲਾਲੂ ਪ੍ਰਸਾਦ ਯਾਦਵ ਦੇ 2008 ਤੋਂ 2009 ਤੱਕ ਰੇਲ ਮੰਤਰੀ ਰਹਿੰਦਿਆਂ ਰੇਲਵੇ ’ਚ ਨੌਕਰੀਆਂ ਬਦਲੇ ਯਾਦਵ ਪਰਿਵਾਰ ਨੂੰ ਕਈ ਜਾਇਦਾਦਾਂ ਦਿੱਤੀਆਂ ਗਈਆਂ ਹਨ। ਇਹ ਨਵਾਂ ਕੇਸ ਉਸ ਸਮੇਂ ਦਰਜ ਕੀਤਾ ਗਿਆ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਯਾਦਵ ਨੂੰ ਚਾਰਾ ਘੁਟਾਲਾ ਕੇਸ ’ਚ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਹੈ। -ਪੀਟੀਆਈ
ਵਿਰੋਧੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਭਾਜਪਾ: ਆਰਜੇਡੀ
ਨਵੀਂ ਦਿੱਲੀ: ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਸੀਬੀਆਈ ਵੱਲੋਂ ਯਾਦਵ ਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦਾ ਖ਼ਦਸ਼ਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਭਾਜਪਾ ਨੂੰ ਸੱਤਾ ਹੱਥੋਂ ਜਾਂਦੀ ਦਿਖਾਈ ਦੇਣ ਲੱਗਦੀ ਹੈ ਤਾਂ ਉਹ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਆਪਣੇ ਵਿਰੋਧੀਆਂ ਨੂੰ ਡਰਾਉਣ ਲੱਗਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਖ਼ਿਲਾਫ਼ ਲੋਕ ਇਕੱਠੇ ਹੋ ਰਹੇ ਹਨ। ਰਾਜ ਸਭਾ ਮੈਂਬਰ ਤੇ ਆਰਜੇਡੀ ਦੇ ਬੁਲਾਰੇ ਮਨੋਜ ਕੁਮਾਰ ਝਾਅ ਨੇ ਕਿਹਾ, ‘ਭਾਜਪਾ ਕਿਸੇ ਇੱਕ ਨੂੰ ਨਿਸ਼ਾਨਾ ਬਣਾ ਕੇ ਹੋਰਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੋਈ ਵੀ ਨਹੀਂ ਡਰੇਗਾ। ਨਾ ਅਸੀਂ, ਨਾ ਉਹ ਅਤੇ ਨਾ ਹੀ ਬਿਹਾਰ ਦੇ ਲੋਕ।’ -ਪੀਟੀਆਈ