ਕੋਲਕਾਤਾ, 18 ਮਈ
ਨਾਰਦਾ ਸਟਿੰਗ ਕੇਸ ’ਚ ਸੀਬੀਆਈ ਨੂੰ ਭਾਜਪਾ ਆਗੂ ਤੇ ਸਾਬਕਾ ਟੀਐੱਮਸੀ ਸੰਸਦ ਮੈਂਬਰ ਸ਼ੁਵੇਂਦੂ ਅਧਿਕਾਰੀ ਸਮੇਤ ਚਾਰਾਂ ਆਗੂਆਂ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਲੋਕ ਸਭਾ ਪ੍ਰਧਾਨ ਦੀ ਮਨਜ਼ੂਰੀ ਦੀ ਉਡੀਕ ਹੈ।
ਸੀਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਇੱਥੇ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕੁਝ ਲੋਕਾਂ ਵੱਲੋਂ ਏਜੰਸੀ ਖ਼ਿਲਾਫ਼ ਲਾਏ ਗਏ ਪੱਖਪਾਤ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਨੇ ਸ਼ੁਵੇਂਦੂ ਅਧਿਕਾਰੀ, ਸੌਗਾਤਾ ਰੋਏ, ਪ੍ਰਸੂਨ ਬੈਨਰਜੀ ਤੇ ਕਾਕੋਲੀ ਘੋਸ਼ ਦਸਤੀਦਾਰ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਲੋਕ ਸਭਾ ਪ੍ਰਧਾਨ ਤੋਂ ਮਨਜ਼ੂਰੀ ਮੰਗੀ ਸੀ। ਜਿਸ ਸਮੇਂ ਇਹ ਸਟਿੰਗ ਹੋਇਆ ਸੀ, ਉਸ ਸਮੇਂ ਇਹ ਚਾਰੋਂ ਟੀਐੱਮਸੀ ਦੇ ਸੰਸਦ ਮੈਂਬਰ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਨਜ਼ੂਰੀ ਦੀ ਉਡੀਕ ਹੈ। ਅਧਿਕਾਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ 2017 ’ਚ ਟੀਐੱਮਸੀ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਚੁੱਕੇ ਮੁਕੁਲ ਰੌਏ ਦਾ ਇਸ ਸੂਚੀ ’ਚ ਨਾਂ ਨਹੀਂ ਹੈ।
ਜ਼ਿਕਰਯੋਗ ਹੈ ਕਿ ਸੀਬੀਆਈ ਨੇ ਬੀਤੇ ਦਿਨ ਪੱਛਮੀ ਬੰਗਾਲ ਦੇ ਦੋ ਮੰਤਰੀਆ ਫਰਹਾਦ ਹਕੀਮ ਤੇ ਸੁਬ੍ਰਤ ਮੁਖਰਜੀ, ਟੀਐੱਮਸੀ ਵਿਧਾਇਕ ਮਦਨ ਮਿੱਤਰਾ ਤੇ ਪਾਰਟੀ ਦੇ ਸਾਬਕਾ ਆਗੂ ਸੋਵਨ ਚੈਟਰਜੀ ਨੂੰ ਨਾਰਦਾ ਮਾਮਲੇ ’ਚ ਜਾਂਚ ਦੇ ਸਿਲਸਿਲੇ ’ਚ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ