ਨਵੀਂ ਦਿੱਲੀ, 14 ਨਵੰਬਰ
ਕੇਂਦਰ ਨੇ ਸੀਬੀਆਈ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਮੁਖੀਆਂ ਦਾ ਕਾਰਜਕਾਲ ਪੰਜ ਸਾਲ ਤੱਕ ਵਧਾਉਣ ਲਈ ਆਰਡੀਨੈਂਸ ਲਿਆਂਦਾ ਹੈ। ਮੌਜੂਦਾ ਸਮੇਂ ਵਿੱਚ ਦੋਵਾਂ ਕੇਂਦਰੀ ਜਾਂਚ ਏਜੰਸੀਆਂ ਦੇ ਨਿਰਦੇਸ਼ਕਾਂ ਦਾ ਕਾਰਜਕਾਲ ਦੋ ਸਾਲ ਦਾ ਹੈ। ਨਵੇਂ ਆਰਡੀਨੈਂਸ ਅਨੁਸਾਰ ਉਨ੍ਹਾਂ ਦਾ ਸੇਵਾਕਾਲ ਵੱਧ ਤੋਂ ਵੱਧ ਤਿੰਨ ਸਾਲ ਤਕ ਵਧਾਇਆ ਜਾ ਸਕਦਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਰਡੀਨੈਂਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਕਿਉਂਕਿ ਸੰਸਦ ਦਾ ਸੈਸ਼ਨ ਹਾਲੇ ਨਹੀਂ ਚਲ ਰਿਹਾ ਤੇ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਅਜਿਹੇ ਹਾਲਾਤ ਮੌਜੂਦ ਹਨ ਜਿਨ੍ਹਾਂ ਵਿੱਚ ਫੌਰੀ ਕਾਰਵਾਈ ਬਹੁਤ ਜ਼ਰੂਰੀ ਹੈ।
ਕੇਂਦਰੀ ਵਿਜੀਲੈਂਸ ਕਮਿਸ਼ਨ (ਸੋਧ) ਆਰਡੀਨੈਂਸ ਅਤੇ ਦਿੱਲੀ ਵਿਸ਼ੇਸ਼ ਪੁਲੀਸ ਸਥਾਪਨਾ (ਸੋਧ) ਐਕਟ ਆਰਡੀਨੈਂਸ ਸੰਸਦ ਦੇ ਆਗਾਮੀ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਸੀਬੀਆਈ ਅਤੇ ਈਡੀ ਦੇ ਡਾਇਰੈਕਟਰਾਂ ਦੇ ਕਾਰਜਕਾਲ ਵਿੱਚ ਵਾਧੇ ਦੀ ਮਨਜ਼ੂਰੀ ਦੇਣ ਲਈ ਜਾਰੀ ਕੀਤੇ ਗਏ ਹਨ।
ਕੇਂਦਰੀ ਵਿਜੀਲੈਂਸ ਕਮਿਸ਼ਨ ਆਰਡੀਨੈਂਸ 2021 ਵਿੱਚ ਕਿਹਾ ਗਿਆ ਹੈ ਕਿ ਜਿਸ ਸਮੇਂ ਲਈ ਈਡੀ ਡਾਇਰੈਕਟਰ ਜਨਤਕ ਹਿਤ ਵਿੱਚ ਆਪਣੀ ਸ਼ੁਰੂਆਤੀ ਨਿਯੁਕਤੀ ’ਤੇ ਅਹੁਦਾ ਸੰਭਾਲਦਾ ਹੈ, ਵਰਗ (ਏ) ਤਹਿਤ ਸਮਿਤੀ ਦੀ ਸਿਫਾਰਸ਼ ’ਤੇ ਅਤੇ ਲਿਖਤੀ ਤੌਰ ’ਤੇ ਦਰਜ ਕੀਤੇ ਜਾਣ ਵਾਲੇ ਕਾਰਨਾਂ ਦੇ ਆਧਾਰ ’ਤੇ ਉਸਦਾ ਕਾਰਜਕਾਲ ਇਕ ਨਿਸ਼ਚਿਤ ਸਮੇਂ ਲਈ ਵਧਾਇਆ ਜਾ ਸਕਦਾ ਹੈ। ਬਸ਼ਰਤੇ, ਕਿ ਸ਼ੁਰੂਆਤੀ ਨਿਯੁਕਤੀ ਵਿੱਚ ਨਿਰਧਾਰਤ ਸਮੇਂ ਸਮੇਤ ਕੁਲ ਮਿਲਾ ਕੇ ਪੰਜ ਸਾਲ ਦਾ ਸਮਾਂ ਪੂਰਾ ਹੋਣ ਬਾਅਦ ਅਜਿਹਾ ਕੋਈ ਵਾਧਾ ਨਹੀਂ ਦਿੱਤਾ ਜਾਵੇਗਾ। ਦਿੱੱਲੀ ਵਿਸ਼ੇਸ਼ ਪੁਲੀਸ ਸਥਾਪਨਾ (ਸੋਧ) ਆਰਡੀਨੈਂਸ 2021 ਵਿੱਚ ਸੀਬੀਆਈ ਡਾਇਰੈਕਟਰ ਲਈ ਵੀ ਸਮਾਨ ਸ਼ਰਤਾਂ ਹਨ ਤੇ ਇਹ ਤੁਰਤ ਪ੍ਰਭਾਵ ਤੋਂ ਅਮਲ ਵਿੱਚ ਆ ਜਾਂਦਾ ਹੈ।-ਏਜੰਸੀ