ਅਲੀਗੜ੍ਹ, 11 ਫਰਵਰੀ
ਉੱਤਰ ਪ੍ਰਦੇਸ਼ ਪੁਲੀਸ ਨੇ ਅਲੀਗੜ੍ਹ ਵਿਚ ਦੋ ਦਿਨ ਪਹਿਲਾਂ ਕਿਸਾਨ ਮਹਾਪੰਚਾਇਤ ਕਰਕੇ ਮਹਾਮਾਰੀ ਰੋਗ ਐਕਟ ਤਹਿਤ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇੇ ਦੋਸ਼ ਵਿੱਚ ਆਰਐੱਲਡੀ ਆਗੂ ਜੈਅੰਤ ਚੌਧਰੀ ਅਤੇ 5000 ਤੋਂ ਵੱਧ ਹੋਰ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਐੱਫਆਈਆਰ ਵਿਚ ਕਿਹਾ ਗਿਆ ਹੈ, “ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਕੀਤੀ ਮਹਾਪੰਚਾਇਤ ਵਿਚ ਪੰਜ ਤੋਂ ਛੇ ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ। ਚੌਧਰੀ ਰਾਜ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਇਸ ਮਹਾਸਭਾ ਦਾ ਆਰਐੱਲਡੀ ਆਗੂ ਜੈਅੰਤ ਚੌਧਰੀ ਅਤੇ ਬੀਕੇਯੂ ਨੇਤਾ ਰਾਕੇਸ਼ ਟਿਕਟ ਨੇ ਵੀ ਸਮਰਥਨ ਕੀਤਾ। ਇਹ ਸਮਾਗਮ ਕੋਵਿਡ-19 ਮਹਾਂਮਾਰੀ ਦੌਰਾਨ ਕਰਵਾਇਆ ਗਿਆ ਸੀ, ਜਿਸ ਵਿੱਚ ਲੋਕਾਂ ਨੇ ਮਾਸਕ ਨਹੀਂ ਲਗਾਏ ਤੇ ਨਾ ਹੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ। ਇਸ ਸਮਾਗਮ ਵਿੱਚ ਸੀਆਰਪੀਸੀ ਦੀ ਧਾਰਾ 144 ਅਧੀਨ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ।”