ਨਵੀਂ ਦਿੱਲੀ, 4 ਜੁਲਾਈ
ਕਾਂਗਰਸ ਦੀ ਮੀਡੀਆ ਤੇ ਪ੍ਰਚਾਰ ਟੀਮ ਦੇ ਮੁਖੀ ਪਵਨ ਖੇੜਾ ਨੇ ਦੱਸਿਆ ਕਿ ਰਾਹੁਲ ਗਾਂਧੀ ਦੀ ਇੱਕ ਨਕਲੀ ਵੀਡੀਓ ਸਬੰਧੀ ਪਾਰਟੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਭਾਜਪਾ ਦੇ ਐੱਮਪੀ ਰਾਜਵਰਧਨ ਸਿੰਘ ਰਾਠੌਰ ਤੇ ਸੁਬ੍ਰਤ ਪਾਠਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਵੀਡੀਓ ਦਾ ਮਕਸਦ ਕਥਿਤ ਤੌਰ ’ਤੇ ਫ਼ਿਰਕੂ ਸ਼ਾਂਤੀ ਭੰਗ ਕਰਨਾ ਸੀ। ਇਹ ਕੇਸ ਇਨ੍ਹਾਂ ਸੰਸਦ ਮੈਂਬਰਾਂ ਤੇ ਤਿੰਨ ਹੋਰ ਜਣਿਆਂ ਖ਼ਿਲਾਫ਼ ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਦਰਜ ਕੀਤਾ ਗਿਆ ਹੈ। ਸ੍ਰੀ ਖੇੜਾ ਤੇ ਪਾਰਟੀ ਦੀ ਸੋਸ਼ਲ ਮੀਡੀਆ ਇੰਚਾਰਜ ਸੁਪ੍ਰਿਆ ਸ੍ਰੀਨੇਤ ਨੇ ਦੱਸਿਆ ਕਿ ਕਾਂਗਰਸ ਨੇ ਇਨ੍ਹਾਂ ਖ਼ਿਲਾਫ਼ ਦਿੱਲੀ, ਝਾਰਖੰਡ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ।
ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੂੰ ਕਿਹਾ ਕਿ ਪਾਰਟੀ ਨੂੰ ਆਪਣੇ ਇਨ੍ਹਾਂ ਆਗੂਆਂ ਖ਼ਿਲਾਫ਼ ਰਾਹੁਲ ਗਾਂਧੀ ਵਿਰੁੱਧ ਗਲਤ ਖ਼ਬਰ ਫੈਲਾਉਣ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਦੀਆਂ ਟਵਿਟਰ ਟਾਈਮਲਾਈਨਜ਼ ਤੋਂ ਇਹ ਵੀਡੀਓ ਹਟਵਾਉਣੀ ਚਾਹੀਦੀ ਹੈ। ਸ੍ਰੀਨੇਤ ਨੇ ਸੰਸਦ ਮੈਂਬਰ ਸ੍ਰੀ ਰਾਠੌਰ ’ਤੇ ਦੇਸ਼ ਧ੍ਰੋਹ ਦਾ ਦੋਸ਼ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਇੱਕ ਸਾਬਕਾ ਮੰਤਰੀ ਵੱਲੋਂ ਦੇਸ਼ ਵਿੱਚ ਫ਼ਿਰਕੂ ਸ਼ਾਂਤੀ ਭੰਗ ਕਰਨ ਦੇ ਉਦੇਸ਼ ਨਾਲ ਝੂਠੀ ਖਬਰ ਪ੍ਰਚਾਰੀ ਜਾਂਦੀ ਹੈ ਤਾਂ ਇਹ ਦੇਸ਼ ਧ੍ਰੋਹ ਦੇ ਤੁੱਲ ਹੈ। ਉਨ੍ਹਾਂ ਕਿਹਾ,‘ਇਹ ਲੋਕ ਸਾਰੇ ਮੁਲਕ ਵਿੱਚ ਨਫ਼ਰਤ ਦੀ ਅੱਗ ਕਿਉਂ ਫੈਲਾਉਣਾ ਚਾਹੁੰਦੇ ਹਨ। ਸਮੱਸਿਆ ਇਹ ਹੈ ਕਿ ਝੂਠੀਆਂ ਖ਼ਬਰਾਂ ਪ੍ਰਚਾਰਨ ਵਾਲਿਆਂ ਨੂੰ ਭਾਜਪਾ ਵਿੱਚ ਤਰੱਕੀ ਮਿਲਦੀ ਹੈ। ਸਾਰੇ ਜਾਣਦੇ ਹਨ ਕਿ ਮੌਜੂਦਾ ਸੂਚਨਾ ਤੇ ਪ੍ਰਸਾਰਨ ਮੰਤਰੀ ਨੇ ਦਿੱਲੀ ਦੰਗਿਆਂ ਦੌਰਾਨ ਕੀ ਕਿਹਾ ਸੀ ਤੇ ਉਸਨੂੰ ਤਰੱਕੀ ਮਿਲ ਗਈ।’ -ਪੀਟੀਆਈ
ਪ੍ਰਧਾਨ ਮੰਤਰੀ ਨੇ ਵਿਦੇਸ਼ਾਂ ਵਿੱਚ ਵੀ ਦੋਸਤਾਂ ਦਾ ਭਵਿੱਖ ਸੁਰੱਖਿਅਤ ਕੀਤਾ: ਰਾਹੁਲ
ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਆਪਣੇ ਦੋਸਤਾਂ ਦਾ ਭਵਿੱਖ ਵਿਦੇਸ਼ਾਂ ਵਿੱਚ ਵੀ ਸੁਰੱਖਿਅਤ ਕਰਨ ਜਦਕਿ ਮੁਲਕ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਬਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਨੌਜਵਾਨ ਲੜਕੇ-ਲੜਕੀਆਂ ਦੀ ਇੱਕ ਵੀਡੀਓ ਸਾਂਝੀ ਕੀਤੀ, ਜੋ ਰੋਸ ਮੁਜ਼ਾਹਰਾ ਕਰ ਰਹੇ ਸਨ, ਜਿਨ੍ਹਾਂ ਕੇਂਦਰੀ ਨੀਮ ਫ਼ੌਜੀ ਬਲ ਵਿੱਚ ਭਰਤੀ ਲਈ ਪ੍ਰੀਖਿਆ ਦਿੱਤੀ ਸੀ, ਪਰ ਉਨ੍ਹਾਂ ਨੂੰ ਨਿਯੁਕਤੀ ਪੱਤਰ ਹੀ ਨਹੀਂ ਮਿਲੇ। ਉਨ੍ਹਾਂ ਹਿੰਦੀ ’ਚ ਟਵੀਟ ਕਰ ਕੇ ਪੁੱਛਿਆ,‘ਇਨ੍ਹਾਂ ਨੌਜਵਾਨਾਂ ਨਾਲ ਇੰਨਾ ਧੱਕਾ ਕਿਉਂ?’ -ਪੀਟੀਆਈ