ਪੀਲੀਭੀਤ, 5 ਫਰਵਰੀ
ਗਾਜ਼ੀਪੁਰ ਨੇੜੇ ਸੜਕ ਹਾਦਸੇ ’ਚ ਮਾਰੇ ਗਏ ਕਿਸਾਨ ਦੀ ਮਾਂ ਅਤੇ ਭਰਾ ਖ਼ਿਲਾਫ਼ ਤਿਰੰਗੇ ਦਾ ਅਪਮਾਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਕਿਸਾਨ ਦੇ ਅੰਤਿਮ ਸੰਸਕਾਰ ਮੌਕੇ ਉਸ ਦੀ ਦੇਹ ਨੂੰ ਤਿਰੰਗੇ ’ਚ ਲਪੇਟਿਆ ਗਿਆ ਸੀ। ਮੁਲਕ ਦੇ ਫਲੈਗ ਕੋਡ ਮੁਤਾਬਕ ਆਮ ਵਿਅਕਤੀ ਦੇ ਸਸਕਾਰ ਮੌਕੇ ਉਸ ਦੀ ਦੇਹ ਨੂੰ ਤਿਰੰਗੇ ’ਚ ਲਪੇਟਣਾ ਜੁਰਮ ਹੈ।
ਐੱਸਪੀ ਜੈ ਪ੍ਰਕਾਸ਼ ਯਾਦਵ ਨੇ ਦੱਸਿਆ ਕਿ ਸਿਹਰਾਮਊ ਇਲਾਕੇ ਦੇ ਪਿੰਡ ਬਾੜੀ ਬੂਝੀਆ ਦਾ ਵਸਨੀਕ ਬਲਜਿੰਦਰ 23 ਜਨਵਰੀ ਨੂੰ ਆਪਣੇ ਦੋਸਤਾਂ ਨਾਲ ਕਿਸਾਨ ਅੰਦੋਲਨ ’ਚ ਸ਼ਮੂਲੀਅਤ ਲਈ ਗਿਆ ਸੀ ਪਰ 25 ਜਨਵਰੀ ਨੂੰ ਹਾਦਸੇ ’ਚ ਉਸ ਦੀ ਮੌਤ ਹੋ ਗਈ ਸੀ।
ਪਰਿਵਾਰ ਨੂੰ ਜਦੋਂ ਉਸ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਸ ਦੀ ਦੇਹ 2 ਫਰਵਰੀ ਨੂੰ ਇਥੇ ਲਿਆਂਦੀ ਗਈ ਸੀ। ਐੱਸਪੀ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਉਸ ਦੀ ਦੇਹ ਨੂੰ ਸ਼ਹੀਦ ਵਾਂਗ ਤਿਰੰਗੇ ’ਚ ਲਪੇਟਿਆ ਅਤੇ ਵੀਰਵਾਰ ਨੂੰ ਅੰਤਿਮ ਰਸਮਾਂ ਲਈ ਲੈ ਗਏ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਜਿਸ ਮਗਰੋਂ ਬਲਜਿੰਦਰ ਦੀ ਮਾਂ ਜਸਵੀਰ ਕੌਰ, ਭਰਾ ਗੁਰਵਿੰਦਰ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। -ਪੀਟੀਆਈ