ਪੁਣੇ: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਪਤਨੀ ਰਸ਼ਮੀ ਠਾਕਰੇ, ਐੱਨਸੀਪੀ ਆਗੂਆਂ ਸ਼ਰਦ ਪਵਾਰ, ਅਜੀਤ ਪਵਾਰ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਖ਼ਿਲਾਫ਼ ਇਤਰਾਜ਼ਯੋਗ ਪੋਸਟਾਂ ਪਾਉਣ ’ਤੇ ਭਾਜਪਾ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਜੀਤੇਨ ਗਜਰੀਆ ਖ਼ਿਲਾਫ਼ ਪੁਣੇ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪੁਣੇ ਸਾਈਬਰ ਸੈੱਲ ਦੀ ਟੀਮ ਵੀਰਵਾਰ ਨੂੰ ਮੁੰਬਈ ’ਚ ਗਜਰੀਆ ਨੂੰ ਗ੍ਰਿਫ਼ਤਾਰ ਕਰਨ ਲਈ ਗਈ ਸੀ ਪਰ ਉਹ ਆਪਣੀ ਰਿਹਾਇਸ਼ ’ਤੇ ਨਹੀਂ ਮਿਲਿਆ। ਉਂਜ ਮੁੰਬਈ ਪੁਲੀਸ ਨੇ ਕਰੀਬ ਅੱਠ ਘੰਟਿਆਂ ਤੱਕ ਉਸ ਤੋਂ ਪੁੱਛ-ਪੜਤਾਲ ਕੀਤੀ ਸੀ। ਸ਼ਿਵ ਸੈਨਾ ਦੇ ਵਰਕਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਹੋਇਆ ਹੈ। ਇੰਸਪੈਕਟਰ ਡੀ ਹਾਕੇ ਨੇ ਕਿਹਾ ਕਿ ਦੋ ਗੁੱਟਾਂ ’ਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਤਹਿਤ ਇਹ ਪੋਸਟਾਂ ਪਾਈਆਂ ਗਈਆਂ ਸਨ। -ਪੀਟੀਆਈ