ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਅਗਸਤ
ਰਸਾਲਾ ‘ਕਾਰਵਾਂ’ ਦੇ ਦੋ ਪੱਤਰਕਾਰਾਂ ’ਤੇ ਉੱਤਰ-ਪੂਰਬੀ ਦਿੱਲੀ ਵਿੱਚ ਉਸ ਸਮੇਂ ਭੀੜ ਵੱਲੋਂ ਕਥਿਤ ਧੱਕਾ-ਮੁੱਕੀ ਕੀਤੀ ਗਈ ਜਦੋਂ ਉਹ ਇਸ ਦੰਗਾਗ੍ਰਸਤ ਇਲਾਕੇ ਵਿੱਚ 5 ਅਗਸਤ ਦੀ ਰਾਤ ਨੂੰ ਬਣੇ ਤਣਾਅਮਈ ਮਾਹੌਲ ਮਗਰੋਂ ਕਵਰੇਜ਼ ਕਰਨ ਲਈ ਆਏ। ਦੱਸਿਆ ਗਿਆ ਹੈ ਕਿ ਰਸਾਲੇ ਦੇ ਪੱਤਰਕਾਰ ਉੱਤਰ-ਪੂਰਬੀ ਦਿੱਲੀ ਦੀ ਹਿੰਦੂ-ਮੁਸਲਿਮ ਹਿੰਸਾ ਦੀ ਕਵਰੇਜ਼ ਕਰਨ ਆਏ ਤਾਂ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਕਥਿਤ ਧੱਕਾਮੁੱਕੀ ਕੀਤੀ। ਜਾਣਕਾਰੀ ਮੁਤਾਬਕ ਪੱਤਰਕਾਰ ਪ੍ਰਭਜੀਤ ਸਿੰਘ ਅਤੇ ਸ਼ਾਹਿਦ ਤਾਂਤਰੇ ਉੱਤਰੀ-ਪੂਰਬੀ ਦਿੱਲੀ ਦੇ ਸੁਭਾਸ਼ ਮੁਹੱਲੇ ਦੇ ਗੇਟਾਂ ’ਤੇ ਭਗਵੇਂ ਝੰਡੇ ਲਹਿਰਾਏ ਜਾਣ ਤੇ ਕੱਟੜ ਨਾਅਰੇ ਲਾਏ ਜਾਣ ਬਾਰੇ ਖ਼ਬਰਾਂ ਪਤਾ ਕਰਨ ਲਈ ਆਏ ਸਨ। ਜਾਣਕਾਰੀ ਮੁਤਾਬਕ ਅਯੁੱਧਿਆ ਵਿੱਚ ਰਾਮ ਜਨਮ ਭੂਮੀ ਪੂਜਨ ਦੀ ਪੂਰਬਲੀ ਰਾਤ ਨੂੰ ਇਸ ਇਲਾਕੇ ਦੀ ਇੱਕ ਮਸਜਿਦ ਉਪਰ ਭੇਤਭਰੇ ਢੰਗ ਨਾਲ ਭਗਵੇਂ ਝੰਡੇ ਦਿਖਾਈ ਦੇਣ ਮਗਰੋਂ ਹਾਲਾਤ ਤਣਾਅਮਈ ਬਣ ਗਏ ਸਨ। ਇਸ ਸਬੰਧੀ ਪੱਤਰਕਾਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਸਥਾਨਕ ਥਾਣੇ ਵਿੱਚ ਐੱਫਆਈਆਰ ਦਰਜ ਕਰਵਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ਪੱਤਰਕਾਰਾਂ ਨੇ ਭਜਨਪੁਰਾ ਵਿੱਚ ਦੋ ਔਰਤਾਂ ਤੇ ਇੱਕ ਲੜਕੀ ਵੱਲੋਂ ਪੁਲੀਸ ‘ਤੇ ਗੰਭੀਰ ਦੋਸ਼ ਲਾਏ ਜਾਣ ਦੀ ਖ਼ਬਰ ਕੀਤੀ ਸੀ ਕਿ 8 ਅਗਸਤ ਨੂੰ ਉਹ ਕੁਝ ਲੋਕਾਂ ਦੀ ਸ਼ਿਕਾਇਤ ਕਰਨ ਗਈਆਂ ਸਨ ਜੋ ਰਾਤ ਸਮੇਂ ਮੁਸਲਿਮਾਂ ਨੂੰ ਇਲਾਕਾ ਛੱਡਣ ਬਾਰੇ ਨਾਅਰੇ ਲਾ ਰਹੇ ਸਨ। ਇਸ ਦੌਰਾਨ ਜਮਹੂਰੀ ਅਧਿਕਾਰ ਸਭਾ ਦੇ ਆਗੂ ਬੂਟਾ ਸਿੰਘ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ।