ਨਵੀਂ ਦਿੱਲੀ, 1 ਫਰਵਰੀ
ਕੇਂਦਰੀ ਬਜਟ ਵਿੱਚ ਖੇਤੀ ਸੈਕਟਰ ਬਾਰੇ ਕੀਤੇ ਖੋਖਲੇ ਦਾਅਵਿਆਂ ‘ਤੇ, ਕੇਂਦਰ ‘ਤੇ ਨਿਸ਼ਾਨਾ ਸੇਧਦਿਆਂ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਸਰਕਾਰ ਨੇ ਰੱਦ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਸਫਲ ਅੰਦੋਲਨ ਦੀ ਅਗਵਾਈ ਲਈ ਕਿਸਾਨਾਂ ਤੋਂ ‘ਬਦਲਾ’ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਕਿਸਾਨਾਂ ਦੇ ਸਬੰਧ ਵਿੱਚ ਚੁੱਪ ਵੱਟੀ ਗਈ। ਬਜਟ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਜਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐਮਐਫਬੀਵਾਈ) ਵਰਗੀਆਂ ਸਕੀਮਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਯਾਦਵ ਨੇ ਟਵਿੱਟਰ ‘ਤੇ ਪੋਸਟ ਇਕ ਵੀਡੀਓ ਸੁਨੇਹੇ ਵਿਚ ਕਿਹਾ, ‘ਜਿੱਥੋਂ ਤੱਕ ਕਿਸਾਨਾਂ ਦਾ ਸਵਾਲ ਹੈ, ਇਹ ਬਜਟ ਚੁੱਪ ਹੈ। ਇਸ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਕਿਸਾਨ ਅੰਦੋਲਨ ਤੋਂ ਅਪਮਾਨਿਤ ਹੋਈ ਸਰਕਾਰ ਉਨ੍ਹਾਂ ਤੋਂ ਬਦਲਾ ਲੈ ਰਹੀ ਹੈ।’ ਉਨ੍ਹਾਂ ਕਿਹਾ ਕਿ 2022-23 ਦੇ ਕੇਂਦਰੀ ਬਜਟ ਵਿੱਚ ਕਿਸਾਨਾਂ ਬਾਰੇ ਕੋਈ ਐਲਾਨ, ਫੰਡ ਅਤੇ ਗੱਲਬਾਤ ਨਹੀਂ ਕੀਤੀ ਗਈ। -ਏਜੰਸੀ