ਜੰਮੂ, 20 ਜੂਨ
ਬੀਐੱਸਐੱਫ ਨੇ ਜੰਮੂ ਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ ਇਕ ਪਾਕਿਸਤਾਨੀ ਡਰੋਨ ਨੂੰ ਸੁੱਟ ਲੈਣ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਡਰੋਨ ਜ਼ਰੀਏ ਸਰਹੱਦ ਪਾਰੋਂ ਹਥਿਆਰਾਂ ਤੇ ਗੋਲਾ ਬਾਰੂੂਦ ਦੀ ਸਪਲਾਈ ਕੀਤੀ ਜਾ ਰਹੀ ਸੀ। ਡਰੋਨ ਅੱਜ ਸਵੇਰੇ 5:10 ਵਜੇ ਦੇ ਕਰੀਬ ਪਨਸਾਰ ਸਰਹੱਦੀ ਚੌਕੀ ਨਜ਼ਦੀਕ ਰਠੂਆ ਪਿੰਡ ਵਿੱਚ ਬੀਐੱਸਐੱਫ ਦੀ ਗਸ਼ਤੀ ਟੀਮ ਦੇ ਨਜ਼ਰੀਂ ਪਿਆ ਸੀ।
ਬੀਐੱਸਐੱਫ ਅਮਲੇ ਨੇ ਡਰੋਨ ’ਤੇ ਨੌਂ ਰੌਦ ਦਾਗੇ ਤੇ ਇਸ ਨੂੰ ਸਰਹੱਦ ਤੋਂ 250 ਮੀਟਰ ਅੰਦਰ ਭਾਰਤੀ ਖੇਤਰ ਵਿੱਚ ਸੁੱਟ ਲਿਆ। ਟੀਮ ਨੇ ਮੌਕੇ ਤੋਂ ਇਕ ਰਾਈਫ਼ਲ, ਦੋ ਮੈਗਜ਼ੀਨ, 60 ਰੌਂਦ ਤੇ ਸੱਤ ਹੱਥਗੋਲੇ ਬਰਾਮਦ ਕੀਤੇ ਹਨ। ਇਸ ਦੌਰਾਨ ਪਾਕਿਸਤਾਨੀ ਰੇਂਜਰਾਂ ਵੱਲੋਂ 8:50 ਵਜੇ ਦੇ ਕਰੀਬ ਹੀਰਾਨਗਰ ਸੈਕਟਰ ਵਿੱਚ ਬਾਬੀਆ ਪੋਸਟ ’ਤੇ ਫਾਇਰਿੰਗ ਕੀਤੇ ਜਾਣ ਦੀ ਵੀ ਖ਼ਬਰ ਹੈ।