ਜੰਮੂ, 14 ਮਈ
ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਨੇ ਅੱਜ ਸਵੇਰੇ ਕੌਮਾਂਤਰੀ ਸੀਮਾ (ਆਈਬੀ) ਨੇੜੇ ਪਾਕਿਸਤਾਨ ਵਾਲੇ ਪਾਸਿਓਂ ਆਏ ਇੱਕ ਡਰੋਨ ’ਤੇ ਫਾਇਰਿੰਗ ਕੀਤੀ, ਜਿਸ ਕਾਰਨ ਡਰੋਨ ਵਾਪਸ ਚਲਾ ਗਿਆ। ਜਾਣਕਾਰੀ ਦਿੰਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂੁ ਕਰ ਦਿੱਤੀ ਗਈ ਹੈ।
ਜੰਮੂ ਫਰੰਟੀਅਰ, ਬੀਐੱਸਐੱਫ ਦੇ ਡਿਪਟੀ ਇੰਸਪੈਕਟਰ ਜਨਰਲ ਐੱਸਪੀ ਸੰਧੂ ਨੇ ਦੱਸਿਆ ਕਿ ਅੱਜ ਸਵੇਰੇ ਬੀਐੱਸਐੱਫ ਦੇ ਜਵਾਨਾਂ ਨੂੰ ਪਾਕਿਸਤਾਨ ਵਾਲੇ ਪਾਸਿਓਂ ਆਸਮਾਨ ਵਿੱਚ ਇੱਕ ਲਾਈਟ ਜਗਦੀ-ਬੁਝਦੀ ਦਿਖਾਈ ਦਿੱਤੀ, ਜਿਸ ਮਗਰੋਂ ਉਨ੍ਹਾਂ ਤੁਰੰਤ ਉੱਡ ਰਹੀ ਸ਼ੱਕੀ ਵਸਤੂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਹ ਚੀਜ਼ ਪਾਕਿਸਤਾਨ ਵਾਲੇ ਪਾਸੇ ਮੁੜ ਗਈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ ਸਵਾ ਚਾਰ ਵਜੇ ਦੀ ਹੈ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਦੇ ਜਵਾਨਾਂ ਨੇ ਸ਼ੱਕੀ ਵਸਤੂ ’ਤੇ ਕਰੀਬ ਨੌਂ ਗੋਲੀਆਂ ਦਾਗੀਆਂ ਸਨ। ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਡਰੋਨ ਰਾਹੀਂ ਹਥਿਆਰ ਜਾਂ ਕੋਈ ਸ਼ੱਕੀ ਵਸਤੂ ਨਾ ਸੁੱਟੀ ਗਈ ਹੋਵੇ। -ਪੀਟੀਆਈ
ਰਾਮਬਨ ਵਿੱਚ ਫ਼ੌਜੀ ਵੱਲੋਂ ਖੁਦਕੁਸ਼ੀ
ਬਨਿਹਾਲ/ਜੰਮੂ: ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਇੱਕ ਫ਼ੌਜੀ ਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਜਾਣਕਾਰੀ ਅੱਜ ਇੱਕ ਪੁਲੀਸ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਵੀ ਕੁਮਾਰ (25) ਵਾਸੀ ਹਰਿਆਣਾ ਵਜੋਂ ਹੋਈ ਹੈ। ਰਵੀ ਨੇ ਬਨਿਹਾਲ ਵਿੱਚ ਨੀਲ ਟੌਪ ਪੋਸਟ ’ਤੇ ਸ਼ੁੱਕਰਵਾਰ ਦੀ ਸ਼ਾਮ ਡਿਊਟੀ ਦੌਰਾਨ ਆਪਣੀ ਸਰਵਿਸ ਰਾਈਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਦੱਸਿਆ ਕਿ ਖ਼ੁਦਕੁਸ਼ੀ ਦਾ ਕਾਰਨ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੋੜੀਂਦੀ ਕਾਰਵਾਈ ਪੂਰੀ ਕਰਨ ਮਗਰੋਂ ਕੁਮਾਰ ਦੀ ਲਾਸ਼ ਯੂਨਿਟ ਵਿੱਚ ਭੇਜ ਦਿੱਤੀ ਗਈ ਹੈ, ਜਿੱਥੋਂ ਦੇਹ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕੀਤਾ ਜਾਵੇਗਾ। -ਪੀਟੀਆਈ