‘ਵਿਸ਼ਵ ਦੇ ਉਭਰਦੇ ਅਰਥਚਾਰਿਆਂ ਦੀ ਜ਼ੋਰਦਾਰ ਆਵਾਜ਼ ਬਣ ਕੇ ਅੱਗੇ ਆਇਆ ਬਰਿਕਸ’
ਬਰਿਕਸ ਨੂੰ ਅਗਲੇ 15 ਸਾਲਾਂ ’ਚ ਹੋਰ ਲਾਹੇਵੰਦ ਬਣਾਉਣ ’ਤੇ ਦਿੱਤਾ ਜ਼ੋਰ
ਨਵੀਂ ਦਿੱਲੀ, 9 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਬਰਿਕਸ ਨੇ ਅਤਿਵਾਦ ਵਿਰੋਧੀ ਕਾਰਜ ਯੋਜਨਾ ਅਪਣਾਈ ਹੈ। ਪੰਜ ਮੁਲਕਾਂ ਵਾਲੇ ਬਰਿਕਸ ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਭਾਰਤ ਨੂੰ ਬਰਿਕਸ ਦੀ 15ਵੀਂ ਵਰ੍ਹੇਗੰਢ ਮੌਕੇ ਅਗਵਾਈ ਕਰਨ ’ਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ,‘‘ਭਾਰਤ ਨੂੰ ਸਾਰੇ ਬਰਿਕਸ ਭਾਈਵਾਲਾਂ ਤੋਂ ਪੂਰਾ ਸਹਿਯੋਗ ਮਿਲਿਆ ਹੈ। ਬਰਿਕਸ ਨੇ ਪਿਛਲੇ ਡੇਢ ਦਹਾਕੇ ਦੌਰਾਨ ਕਈ ਪ੍ਰਾਪਤੀਆਂ ਹਾਸਲ ਕੀਤੀਆਂ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਰਿਕਸ ਵਿਸ਼ਵ ਦੇ ਉਭਰਦੇ ਅਰਥਚਾਰਿਆਂ ਦੀ ਅਸਰਅੰਦਾਜ਼ ਆਵਾਜ਼ ਬਣ ਕੇ ਅੱਗੇ ਆਇਆ ਹੈ। ਬਹੁ-ਪਰਤੀ ਪ੍ਰਣਾਲੀ ’ਚ ਸੁਧਾਰ ਅਤੇ ਮਜ਼ਬੂਤੀ ਲਈ ਬਰਿਕਸ ਵੱਲੋਂ ਪਹਿਲੀ ਵਾਰ ਉਠਾਏ ਗਏ ਸਾਂਝੇ ਕਦਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਬਰਿਕਸ ਅਗਲੇ 15 ਸਾਲਾਂ ’ਚ ਹੋਰ ਲਾਹੇਵੰਦ ਬਣੇ। ਸਿਖਰ ਸੰਮੇਲਨ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸੀ ਰਾਮਫੋਸਾ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇ ਬੋਲਸਾਨਾਰੋ ਹਾਜ਼ਰੀ ਭਰ ਰਹੇ ਹਨ। ਬਰਿਕਸ (ਬ੍ਰਾਜ਼ੀਲ, ਰੂਸ, ਇੰਡੀਆ, ਚੀਨ, ਸਾਊਥ ਅਫ਼ਰੀਕਾ) ’ਚ ਦੁਨੀਆ ਦੇ ਪੰਜ ਵੱਡੇ ਵਿਕਾਸਸ਼ੀਲ ਮੁਲਕ ਸ਼ਾਮਲ ਹਨ। -ਪੀਟੀਆਈ