ਜੰਮੂ, 9 ਮਾਰਚ
ਜੰਮੂ ਦੇ ਊਧਮਪੁਰ ਜ਼ਿਲ੍ਹੇ ’ਚ ਅੱਜ ਕੋਰਟ ਦੇ ਬਾਹਰ ਆਈਈਡੀ ਨਾਲ ਕੀਤੇ ਧਮਾਕੇ ਵਿੱਚ ਇਕ ਵਿਅਕਤੀ ਹਲਾਕ ਤੇ 14 ਹੋਰ ਜ਼ਖ਼ਮੀ ਹੋ ਗਏ। ਜੰਮੂ ਤੇ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਧਮਾਕਾ ਦਹਿਸ਼ਤੀ ਕਾਰਵਾਈ ਜਾਪਦਾ ਹੈ, ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਧਮਾਕਾ ਬਾਅਦ ਦੁਪਹਿਰ ਇਕ ਵਜੇ ਦੇ ਕਰੀਬ ਸਲਾਥੀਆ ਚੌਕ ਵਿੱਚ ਹੋਇਆ, ਜਿੱਥੇ ਫਲ ਤੇ ਸਬਜ਼ੀ ਵਾਲੀਆਂ ਰੇੜ੍ਹੀਆਂ ਲੱਗੀਆਂ ਹੋਈਆਂ ਸਨ। ਸਿੰਘ ਨੇ ਕਿਹਾ ਕਿ ਵਧੀਕ ਡੀਜੀਪੀ ਮੁਕੇਸ਼ ਸਿੰਘ ਨੇ ਸਿਖਰਲੇ ਪੁਲੀਸ ਅਧਿਕਾਰੀਆਂ, ਐੱਨਆਈਏ ਟੀਮ ਤੇ ਬੰਬ ਨਕਾਰਾ ਦਸਤੇ ਨੂੰ ਲੈ ਕੇ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ, ‘‘ਸ਼ੁਰੂਆਤੀ ਜਾਂਚ ਮੁਤਾਬਕ ਇਹ ਘੱਟ ਸ਼ਕਤੀਸ਼ਾਲੀ ਧਮਾਕਾ ਸੀ, ਪਰ ਫੋਰੈਂਸਿਕ ਤੇ ਬਾਰੀਕ ਜਾਂਚ ਮਗਰੋਂ ਅਸਲ ਤੱਥਾਂ ਦਾ ਪਤਾ ਲੱਗੇਗਾ।’’
ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ’ਚੋਂ ਸਾਰੇ ਖ਼ਤਰੇ ਤੋਂ ਬਾਹਰ ਹਨ। ਡੀਜੀਪੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਦਹਿਸ਼ਤਗਰਦ ਲੰਮੇ ਸਮੇਂ ਤੋਂ ਜੰਮੂ ਖਿੱਤੇ ਵਿੱਚ ਹਮਲਾ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਸਨ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਦਹਿਸ਼ਤੀ ਜਥੇਬੰਦੀਆਂ ਨੇ ਜੰਮੂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਸ ਨੂੰ ਜੰਮੂ ਤੇ ਕਸ਼ਮੀਰ ਪੁਲੀਸ ਨੇ ਨਾਕਾਮ ਕਰ ਦਿੱਤਾ। ਊਧਮਪੁਰ ਦੇ ਡਿਪਟੀ ਕਮਿਸ਼ਨਰ ਇੰਦੂ ਕੰਵਲ ਛਿੱਬ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਏਡੀਜੀਪੀ ਨੇ ਵੀ ਹਸਪਤਾਲ ਜਾ ਕੇ ਜ਼ਖਮੀਆਂ ਦੀ ਖ਼ਬਰਸਾਰ ਲਈ। ਇਹਤਿਆਤ ਵਜੋਂ ਸ਼ਹਿਰ ਤੇ ਨੇੜਲੇ ਇਲਾਕਿਆਂ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। -ਪੀਟੀਆਈ
ਸ੍ਰੀਨਗਰ ਨੇੜੇ ਅਤਿਵਾਦੀਆਂ ਵੱਲੋਂ ਸਰਪੰਚ ਦੀ ਹੱਤਿਆ
ਸ੍ਰੀਨਗਰ: ਸ੍ਰੀਨਗਰ ਦੇ ਬਾਹਰਵਾਰ ਅੱਜ ਅਤਿਵਾਦੀਆਂ ਨੇ ਇਕ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਸ਼ਨਾਖ਼ਤ ਸਮੀਰ ਭੱਟ ਵਜੋਂ ਹੋਈ ਹੈ। ਲਸ਼ਕਰ-ਏ-ਤੋਇਬਾ ਨਾਲ ਜੁੜੀ ਟੀਆਰਐਫ ਨੇ ਉਸ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਭੱਟ ਨੂੰ ਸੁਰੱਖਿਆ ਮਿਲੀ ਹੋਈ ਸੀ ਤੇ ਉਹ ਸ੍ਰੀਨਗਰ ਦੇ ਇਕ ਹੋਟਲ ਵਿਚ ਠਹਿਰਿਆ ਸੀ। ਇਸੇ ਦੌਰਾਨ ਉਹ ਅੱਜ ਕਿਸੇ ਤਰ੍ਹਾਂ ਬਾਹਰ ਨਿਕਲ ਗਿਆ ਤੇ ਖਾਨਮੋਹ ਕੋਲ ਉਸ ਉਤੇ ਹਮਲਾ ਹੋ ਗਿਆ। -ਪੀਟੀਆਈ