ਅਗਰਤਲਾ, 28 ਨਵੰਬਰ
ਸੱਤਾਧਾਰੀ ਭਾਜਪਾ ਨੇ 51 ਮੈਂਬਰੀ ਅਗਰਤਲਾ ਨਗਰ ਨਿਗਮ ਚੋਣਾਂ ਵਿਚ ਸਾਰੀਆਂ ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਹੋਰਨਾਂ ਥਾਵਾਂ ਉਤੇ ਹੋਈਆਂ ਚੋਣਾਂ ਵੀ ਜਿੱਤੀਆਂ ਹਨ। ਵਿਰੋਧੀ ਧਿਰ ਟੀਐਮਸੀ ਤੇ ਸੀਪੀਐਮ ਅਗਰਤਲਾ ਵਿਚ ਆਪਣਾ ਖਾਤਾ ਖੋਲ੍ਹਣ ਵਿਚ ਨਾਕਾਮ ਰਹੀਆਂ ਹਨ। ਭਾਜਪਾ ਨੇ ਖੋਵਈ ਦੀਆਂ 15, ਬਿਲੋਨੀਆ ਦੀਆਂ 17, ਕੁਮਾਰਘਾਟ ਦੀਆਂ 15 ਤੇ ਸਬਰੂਮ ਨਗਰ ਪੰਚਾਇਤ ਦੀਆਂ ਨੌਂ ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ। ਪਾਰਟੀ ਨੇ 25 ਵਾਰਡਾਂ ਵਾਲੇ ਧਰਮਨਗਰ ਮਿਉਂਸਿਪਲ ਕੌਂਸਲ, 15 ਸੀਟਾਂ ਵਾਲੇ ਤੇਲੀਆਮੂਰਾ ਕੌਂਸਲ ਤੇ 13 ਮੈਂਬਰੀ ਅਮਰਪੁਰ ਨਗਰ ਪੰਚਾਇਤ ’ਚ ਵੀ ਹੂੰਝਾ-ਫੇਰ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਸੋਨਾਮੂਰਾ ਤੇ ਮੇਲਾਘਰ ਨਗਰ ਪੰਚਾਇਤ ਵਿਚ ਵੀ ਭਾਜਪਾ ਮੋਹਰੀ ਰਹੀ ਹੈ। ਅੰਬਾਸਾ ਮਿਉਂਸਿਪਲ ਕੌਂਸਲ ਤੇ ਜਿਰਾਨੀਆ ਨਗਰ ਪੰਚਾਇਤ ਚੋਣਾਂ ਵਿਚ ਵੀ ਭਾਜਪਾ ਦੀ ਝੰਡੀ ਰਹੀ। ਅੰਬਾਸਾ ਵਿਚ ਟੀਐਮਸੀ ਤੇ ਸੀਪੀਐਮ ਨੇ ਇਕ-ਇਕ ਸੀਟ ਜਿੱਤੀ ਹੈ। ਕੈਲਾਸ਼ਹਿਰ ਕੌਂਸਲ ਦੀਆਂ 16 ਸੀਟਾਂ ਭਾਜਪਾ ਤੇ ਇਕ ਸੀਪੀਐਮ ਨੇ ਜਿੱਤੀ ਹੈ। ਪਾਨੀਸਾਗਰ ਨਗਰ ਪੰਚਾਇਤ ਦੀਆਂ 12 ਸੀਟਾਂ ਭਾਜਪਾ ਤੇ ਇਕ ਸੀਟ ਸੀਪੀਐਮ ਦੇ ਹਿੱਸੇ ਆਈਆਂ ਹਨ। ਭਾਜਪਾ ਨੇ ਨਗਰ ਨਿਗਮ, ਮਿਉਂਸਿਪਲ ਕੌਂਸਲਾਂ, ਨਗਰ ਪੰਚਾਇਤਾਂ ਦੀਆਂ ਸਾਰੀਆਂ 334 ਸੀਟਾਂ ਉਤੇ ਉਮੀਦਵਾਰ ਖੜ੍ਹੇ ਕੀਤੇ ਸਨ। ਭਾਜਪਾ ਦਾ ਇੱਥੇ ਟੀਐਮਸੀ ਨਾਲ ਸਿੱਧਾ ਮੁਕਾਬਲਾ ਸੀ ਜੋ ਕਿ ਉੱਤਰ-ਪੂਰਬ ਵਿਚ ਆਪਣੇ ਪੈਰ ਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਖ਼ੁਦ ਨੂੰ ਕੌਮੀ ਪਾਰਟੀ ਵਜੋਂ ਸਥਾਪਿਤ ਕਰ ਸਕੇ। ਜ਼ਿਕਰਯੋਗ ਹੈ ਕਿ ਸੂਬੇ ਵਿਚ ਸੀਪੀਐਮ ਨੂੰ ਭਾਜਪਾ ਨੇ ਕੁਝ ਸਾਲ ਪਹਿਲਾਂ ਸੱਤਾ ਤੋਂ ਲਾਂਭੇ ਕੀਤਾ ਸੀ। -ਪੀਟੀਆਈ
ਟੀਐਮਸੀ ਦੇ ਦਾਅਵਿਆਂ ਦੀ ਫੂਕ ਨਿਕਲੀ: ਦਿਲੀਪ ਘੋਸ਼
ਭਾਜਪਾ ਦੇ ਉਪ ਪ੍ਰਧਾਨ ਦਿਲੀਪ ਘੋਸ਼ ਨੇ ਆਪਣੀ ਪਾਰਟੀ ਦੀ ਤ੍ਰਿਪੁਰਾ ਨਿਗਮ ਚੋਣਾਂ ਵਿਚਲੀ ਕਾਰਗੁਜ਼ਾਰੀ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਟੀਐਮਸੀ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਨਿਕਲ ਗਈ ਹੈ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਪਾਰਟੀ ਉੱਤਰ-ਪੂਰਬੀ ਰਾਜਾਂ ਵਿਚ ਆਪਣਾ ਪ੍ਰਭਾਵ ਕਾਇਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ ਭਾਜਪਾ ’ਤੇ ਕਾਇਮ ਹੈ। ਘੋਸ਼ ਨੇ ਕਿਹਾ ਕਿ ਇਹ ਚੋਣ ਨਤੀਜੇ ਆਸ ਮੁਤਾਬਕ ਆਏ ਹਨ। -ਪੀਟੀਆਈ