ਭੁਪਾਲ, 3 ਮਈ
ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਸੂਬਾਈ ਆਗੂ ਪ੍ਰਹਿਲਾਦ ਪਟੇਲ ਨੇ ਦਾਮੋਹ ਉਪ ਚੋਣ ਵਿੱਚ ਭਾਜਪਾ ਦੀ ਹਾਰ ਲਈ ਅੰਦਰੂਨੀ ਸਾਜਿਸ਼ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਦਾਮੋਹ ਉਪ ਚੋਣ ਦਾ ਨਤੀਜਾ ਇੱਕ ਦਿਨ ਪਹਿਲਾਂ ਹੀ ਐਲਾਨਿਆ ਗਿਆ ਸੀ। ਉਪ ਚੋਣ ਵਿੱਚ ਕਾਂਗਰਸ ਦੇ ਅਜੈ ਟੰਡਨ ਨੇ ਭਾਜਪਾ ਦੇ ਰਾਹੁਲ ਲੋਧੀ ਨੂੰ 17,097 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਇਹ ਚੋਣ ਸਾਲ ਪਹਿਲਾਂ ਕਾਂਗਰਸ ਦੇ ਜੇਤੂ ਉਮੀਦਵਾਰ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਕਰਕੇ ਕਰਵਾਈ ਗਈ ਸੀ। ਸਥਾਨਕ ਲੋਕ ਸਭਾ ਮੈਂਬਰ ਪਟੇਲ ਨੇ ਸੋਮਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਦਾਮੋਹ ਚੋਣ ਦੇ ਨਤੀਜੇ ਨੇ ਭਵਿੱਖ ਦੀਆਂ ਚੁਣੌਤੀਆਂ, ਸਾਜਿਸ਼ਾਂ ਅਤੇ ਕਾਰਜਪ੍ਰਣਾਲੀ ਵਿੱਚ ਸੁਧਾਰ ਦੇ ਸਪੱਸ਼ਟ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਰੇ ਵਰਕਰ ਮਿਲ ਕੇ ਇਸ ਦਾ ਹੱਲ ਲੱਭਣਗੇ। ਸਾਬਕਾ ਰਾਜ ਮੰਤਰੀ ਜੈਅੰਤ ਮਲੱਈਆ ਜੋ ਇਸ ਖੇਤਰ ਤੋਂ ਪਹਿਲਾਂ ਕਈ ਵਾਰ ਭਾਜਪਾ ਦੇ ਵਿਧਾਇਕ ਰਹੇ, ਉਹ ਉਪ ਚੋਣ ਪ੍ਰਚਾਰ ਤੋਂ ਦੂਰ ਰਹੇ। ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਕਈ ਸਥਾਨਕ ਆਗੂ ਲੋਧੀ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਤੋਂ ਨਾਰਾਜ਼ ਸਨ। ਜ਼ਿਕਰਯੋਗ ਹੈ ਕਿ ਲੋਧੀ ਨੇ 2018 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਲੱਈਆ ਨੂੰ ਹਰਾਇਆ ਸੀ, ਪਰ ਮਗਰੋਂ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਇਸ ਉਪ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਸਨ। -ਪੀਟੀਆਈ