ਕੋਲਕਾਤਾ, 26 ਫਰਵਰੀ
ਭਾਰਤੀ ਜਨਤਾ ਪਾਰਟੀ ਦੀ ਦਲੀਲ ਕਿ ਕੇਂਦਰ ਤੇ ਸੂਬੇ ਵਿੱਚ ਇਕੋ ਪਾਰਟੀ ਦੀ ਸਰਕਾਰ ਹੋਣ ਨਾਲ ਪੱਛਮੀ ਬੰਗਾਲ ਵਿੱਚ ਵਿਕਾਸ ਦੀ ਰਫ਼ਤਾਰ ਵਧੇਗੀ, ’ਤੇ ਵਰ੍ਹਦਿਆਂ ਅੱਜ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਭਗਵਾਂ ਪਾਰਟੀ ਦਾ ਡਬਲ ਇੰਜਣ ਵਾਲਾ ਪੱਤਾ ਪੱਛਮੀ ਬੰਗਾਲ ਵਿੱਚ ਨਹੀਂ ਚੱਲੇਗਾ।
ਪਾਰਟੀ ਦੇ ਸੀਨੀਅਰ ਆਗੂ ਅਤੇ ਮੰਤਰੀ ਬ੍ਰਤਿਆ ਬਾਸੂ ਨੇ ਅੱਜ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਰਾਜ ਵਿੱਚ ਪ੍ਰਚਾਰ ਕਰਨ ਦੌਰਾਨ ਭਾਜਪਾ ਦੇ ਆਗੂ ਕੇਂਦਰ ਤੇ ਸੂਬੇ ਵਿੱਚ ਇਕ ਹੀ ਪਾਰਟੀ ਦੀ ਸਰਕਾਰ ਦੀ ਲੋੜ ਨੂੰ ਉਭਾਰ ਰਹੇ ਹਨ। ਉਨ੍ਹਾਂ ਕਿਹਾ, ‘‘ਇਸ ਦੋ ਇੰਜਣ ਵਾਲੀ ਰੇਲ ਵਿੱਚ ਆਮ ਆਦਮੀ ਦੀ ਸਵਾਰੀ ਲਈ ਕੋਈ ਡੱਬਾ ਨਹੀਂ ਹੋਵੇਗਾ। ਇਹ ਇੰਜਣ ਬਹੁਤ ਹੀ ਧੀਮੀ ਰਫ਼ਤਾਰ ਨਾਲ ਚੱਲਣਗੇ। ਜੇਕਰ ਤੁਸੀਂ ਧਿਆਨ ਦੇਵੋ ਤਾਂ ਭਾਜਪਾ ਦੀ ਸਰਕਾਰ ਵਾਲੇ ਰਾਜਾਂ ਵਿੱਚ ਹੱਤਿਆਵਾਂ, ਦਲਿਤਾਂ ਤੇ ਔਰਤਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਉਹ ਇਹ ਨਹੀਂ ਦੱਸ ਰਹੇ ਕਿ ਕਿਵੇਂ ਭਾਜਪਾ ਸਰਕਾਰ ਰੇਲਵੇ ਨੂੰ ਨਿੱਜੀ ਹੱਥਾਂ ’ਚ ਦੇਣ ਦੇ ਏਜੰਡੇ ’ਤੇ ਕੰਮ ਕਰ ਰਹੀ ਹੈ। ਭਗਵਾਂ ਪਾਰਟੀ ਬੰਗਾਲ ਵਿੱਚ ਵੀ ਅਜਿਹਾ ਹੀ ਕਰਨਾ ਚਾਹੁੰਦੀ ਹੈ। ਉਹ ਸਿਰਫ਼ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਲਈ ਹੀ ਕੰਮ ਕਰਦੇ ਹਨ।’’
ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੇ ਕੀਤੇ ਗਏ ਐਲਾਨ ਸਬੰਧੀ ਪੁੱਛਣ ’ਤੇ ਸ੍ਰੀ ਬਾਸੂ ਨੇ ਕਿਹਾ, ‘‘ਚੋਣ ਸੰਸਥਾ ਵੱਲੋਂ ਐਲਾਨੇ ਗਏ ਚੋਣਾਂ ਦੇ ਪੜਾਵਾਂ ਦੀ ਗਿਣਤੀ ਤੋਂ ਸਾਨੂੰ ਕੋਈ ਦਿੱਕਤ ਨਹੀਂ ਹੈ। ਪਿਛਲੇ 10 ਸਾਲਾਂ ਵਿੱਚ ਅਸੀਂ 365 ਦਿਨ ਲੋਕਾਂ ਨਾਲ ਰਹੇ ਹਨ। ਅਸੀਂ ਉਨ੍ਹਾਂ ਲਈ ਕੰਮ ਕਰਦੇ ਰਹੇ ਹਾਂ। ਜਮਾਤ ਵਿੱਚ ਅੱਵਲ ਰਹਿਣ ਵਾਲਾ ਵਿਦਿਆਰਥੀ ਕਦੇ ਨਹੀਂ ਡਰਦਾ ਕਿਉਂਕਿ ਉਹ ਸਾਰਾ ਸਾਲ ਪੜ੍ਹਦਾ ਹੈ।’’-ਪੀਟੀਆਈ
ਸਮ੍ਰਿਤੀ ਇਰਾਨੀ ਨੇ ਸਕੂਟਰ ’ਤੇ ਕੀਤੀ ਭਾਜਪਾ ਰੈਲੀ ਦੀ ਅਗਵਾਈ
ਸੋਨਾਰਪੁਰ (ਪੱਛਮੀ ਬੰਗਾਲ): ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਅੱਜ ਇਕ ਸਕੂਟਰ ’ਤੇ ਭਾਜਪਾ ਦੀ ਰੈਲੀ ਦੀ ਅਗਵਾਈ ਕੀਤੀ ਗਈ। ਉਹ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਪ੍ਰਚਾਰ ਕਰ ਰਹੀ ਸੀ। ਭਾਜਪਾ ਦੀ ਸੂਬਾ ਪੱਧਰੀ ‘ਪਰਿਵਰਤਨ ਯਾਤਰਾ’ ਵਿੱਚ ਹਿੱਸਾ ਲੈਂਦਿਆਂ ਸਮ੍ਰਿਤੀ ਇਰਾਨੀ ਨੇ ਭਾਜਪਾ ਦੀ ਸੰਸਦ ਮੈਂਬਰ ਰੂਪਾ ਗਾਂਗੁਲੀ ਤੇ ਅਗਨੀਮਿੱਤਰਾ ਪੌਲ ਨਾਲ ਗੜੀਆ ਨੇੜੇ ਗੰਗਜੋਆਰਾ ਵਿੱਚ ਪਾਰਟੀ ਦੇ ਰੱਥ ’ਤੇ ਪ੍ਰਚਾਰ ਸ਼ੁਰੂ ਕੀਤਾ। ਥੋੜ੍ਹਾ ਜਿਹਾ ਪੈਂਡਾ ਤੈਅ ਕਰਨ ਤੋਂ ਬਾਅਦ ਸਮ੍ਰਿਤੀ ਰੱਥ ਤੋਂ ਹੇਠਾਂ ਉਤਰ ਗਈ ਅਤੇ ਉਨ੍ਹਾਂ ਇਕ ਸਕੂਟਰ ਫੜ ਲਿਆ, ਕਾਲਾ ਹੈਲਮਟ ਪਹਿਨਿਆ ਤੇ ਇਕ ਮਾਸਕ ਵੀ ਲਗਾਇਆ। ਕੇਂਦਰੀ ਮੰਤਰੀ ਨੇ ਕਿਹਾ, ‘‘ਅੱਜ ਜਦੋਂ ਅਸੀਂ ਰੱਥ ਯਾਤਰਾ ਸ਼ੁਰੂ ਕੀਤੀ ਤਾਂ ਸਥਾਨਕ ਪ੍ਰਸ਼ਾਸਨ ਨੇ ਜਾਣ-ਬੁੱਝ ਕੇ ਇਸ ਵਿੱਚ ਦੇਰੀ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਦੋ ਪਹੀਆ ਵਾਹਨਾਂ ’ਤੇ ਜਾਵਾਂਗੇ, ਪੈਦਲ ਚਲਾਂਗੇ ਕਿਉਂਕਿ ਪੱਛਮੀ ਬੰਗਾਲ ਬਦਲਾਅ ਵੱਲ ਵਧ ਰਿਹਾ ਹੈ। ਉਨ੍ਹਾਂ ਪਾਰਟੀ ਦੇ ਨੌਜਵਾਨ ਸਮਰਥਕਾਂ ਨਾਲ ਪੂਰੀ ਬੰਗਾਲੀ ਵਿੱਚ ਗੱਲ ਕੀਤੀ। -ਪੀਟੀਆਈ