ਕਾਲਚਿਨੀ, 6 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਦੇ ਵਰਕਰ ਧੱਕੇ ਨਾਲ ਬੂਥਾਂ ਉਤੇ ਕਬਜ਼ਾ ਕਰ ਰਹੇ ਹਨ ਤੇ ਟੀਐਮਸੀ ਵਰਕਰਾਂ ਅਤੇ ਉਮੀਦਵਾਰਾਂ ’ਤੇ ਹਮਲੇ ਵੀ ਕਰ ਰਹੇ ਹਨ। ਮਮਤਾ ਨੇ ਕਿਹਾ ਕਿ ਉਹ ਡਰਾਉਣ-ਧਮਕਾਉਣ ਵਾਲੇ ਅਜਿਹੇ ਹੱਥਕੰਡਿਆਂ ਅੱਗੇ ਝੁਕਣ ਵਾਲੀ ਨਹੀਂ ਹੈ। ਅਲੀਪੁਰਦੁਆਰ ਜ਼ਿਲ੍ਹੇ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟੀਐਮਸੀ ਸੁਪਰੀਮੋ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਅਰਾਮਬਾਗ਼ ਤੋਂ ਉਮੀਦਵਾਰ ਸੁਜਾਤਾ ਮੌਂਡਲ ਦਾ ਪਿੱਛਾ ਕਰ ਕੇ ਉਸ ਦੇ ਸਿਰ ’ਤੇ ਵਾਰ ਕੀਤਾ ਗਿਆ ਹੈ। ਮਮਤਾ ਨੇ ਦੋਸ਼ ਲਾਇਆ ਕਿ ਇਹ ਹਮਲਾ ਭਾਜਪਾ ਵਰਕਰਾਂ ਨੇ ਚੋਣ ਬੂਥ ਨੇੜੇ ਕੀਤਾ। ਬੈਨਰਜੀ ਨੇ ਨਾਲ ਹੀ ਕਿਹਾ ਕਿ ਪਾਰਟੀ ਦੀ ਅਨੁਸੂਚਿਤ ਜਾਤੀ ਦੀ ਉਮੀਦਵਾਰ ਸੁਜਾਤਾ ਦੇ ਗੰਭੀਰ ਸੱਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਇਕ ਹੋਰ ਉਮੀਦਵਾਰ ਨੂੰ ਖਾਨਾਕੁਲ ਵਿਚ ਵੀ ਨਿਸ਼ਾਨਾ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਟੀਐਮਸੀ ਉਮੀਦਵਾਰ ਸ਼ੌਕਤ ਮੌਲਾ ਨੂੰ ਬੂਥ ਅੰਦਰ ਦਾਖ਼ਲ ਹੋਣ ਤੋਂ ਵੀ ਰੋਕਿਆ। ਮਮਤਾ ਨੇ ਕਿਹਾ ਕਿ ਉਸ ਨੂੰ ਹਮਲੇ ਤੇ ਹਿੰਸਾ ਦੀਆਂ 100 ਸ਼ਿਕਾਇਤਾਂ ਮਿਲੀਆਂ ਹਨ ਤੇ ਚੋਣ ਕਮਿਸ਼ਨ ਨੂੰ ਵੀ ਸੂਚਿਤ ਕੀਤਾ ਗਿਆ ਹੈ। ਪਰ ਕੋਈ ਕਾਰਵਾਈ ਨਹੀਂ ਹੋਈ। ਮਮਤਾ ਨੇ ਦੋਸ਼ ਲਾਇਆ ਕਿ ਭਾਜਪਾ ਲੀਡਰਸ਼ਿਪ ਨੇ ਦਿੱਲੀ ਵਿਚ ਡੂੰਘੀ ਸਾਜ਼ਿਸ਼ ਰਚੀ ਹੈ ਕਿਉਂਕਿ ਉਨ੍ਹਾਂ ਦੀਆਂ ਰੈਲੀਆਂ ਵਿਚ ‘ਜ਼ਿਆਦਾ ਇਕੱਠ’ ਨਹੀਂ ਹੋ ਰਿਹਾ। ਬੈਨਰਜੀ ਨੇ ਕਿਹਾ ਕਿ ‘ਸੁਰੱਖਿਆ ਬਲਾਂ ਨੂੰ ਬੂਥਾਂ ’ਤੇ ਕਬਜ਼ੇ ਦਾ ਵਿਰੋਧ ਨਾ ਕਰਨ ਲਈ ਕਿਹਾ ਗਿਆ ਹੈ।’ -ਪੀਟੀਆਈ