ਮੁੰਬਈ, 19 ਅਗਸਤ
ਸ਼ਿਵ ਸੈਨਾ ਦੇ ਬਾਨੀ ਮਰਹੂਮ ਬਾਲਾ ਸਾਹਿਬ ਠਾਕਰੇ ਦੇ ਸਮਾਰਕ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੇ ਅੱਜ ਦਾਅਵਾ ਕੀਤਾ ਕਿ ਬ੍ਰਿਹਨਮੁੰਬਈ ਨਗਰ ਨਿਗਮ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਜਿੱਤ ਦਰਜ ਕਰੇਗੀ ਜਿੱਥੇ ਇਸ ਸਮੇਂ ਸ਼ਿਵ ਸੈਨਾ ਦਾ ਕਬਜ਼ਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹਿ ਚੁੱਕੇ ਰਾਣੇ ਇਸ ਤੋਂ ਬਾਅਦ ਹਿੰਦੂਵਾਦੀ ਆਗੂ ਵਿਨਾਇਕ ਦਾਮੋਦਰ ਸਾਵਰਕਰ ਦੇ ਸਮਾਰਕ ’ਤੇ ਵੀ ਗਏ ਜੋ ਨੇੜੇ ਹੀ ਸਥਿਤ ਹੈ। ਰਾਣੇ ਪਹਿਲਾਂ ਸ਼ਿਵ ਸੈਨਾ ’ਚ ਸੀ ਤੇ ਉਸ ਮਗਰੋਂ ਉਹ ਕਾਂਗਰਸ ’ਚ ਸ਼ਾਮਲ ਹੋ ਗਏ। 2019 ’ਚ ਉਹ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਲਾ ਸਾਹਿਬ ਠਾਕਰੇ ਹੁਣ ਨਹੀਂ ਹਨ ਪਰ ਉਹ ਉਨ੍ਹਾਂ ਨੂੰ ਆਸ਼ੀਰਵਾਦ ਜ਼ਰੂਰ ਦੇਣਗੇ। ਵਿਨਾਇਕ ਰਾਊਤ ਦੀ ਉਸ ਟਿੱਪਣੀ ਦਾ ਜ਼ਿਕਰ ਕਰਦਿਆਂ ਕਿ ਸ਼ਿਵ ਸੈਨਾ ਉਨ੍ਹਾਂ ਨੂੰ ਸ਼ਿਵਾਜੀ ਪਾਰਕ ’ਚ ਆਉਣ ਤੋਂ ਰੋਕੇਗੀ, ਰਾਣੇ ਨੇ ਕਿਹਾ ਕਿ ਜਦੋਂ ਸ਼ਰਧਾਂਜਲੀ ਦੇਣ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਰਾਣੇ ਨੇ ਕਿਹਾ ਕਿ ਭਾਜਪਾ ਬੀਐੱਮਸੀ ਚੋਣਾਂ ਜਿੱਤੇਗੀ ਅਤੇ ਪਿਛਲੇ 32 ਸਾਲਾਂ ਤੋਂ ਜੋ ਗਲਤ ਹੋ ਰਿਹਾ ਹੈ ਉਸ ਨੂੰ ਖਤਮ ਕਰੇਗੀ। ਰਾਣੇ ਨੂੰ ਹਾਲ ਹੀ ’ਚ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਸੂਖਮ, ਲਘੂ ਤੇ ਮੱਧਮ ਸਨਅਤ ਮੰਤਰੀ ਦਾ ਕਾਰਜਭਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਦਾਦਰ ਸਥਿਤ ਸ਼ਿਵਾਜੀ ਪਾਰਕ ’ਚ ਬਣੇ ਸਮਾਰਕ ’ਤੇ ਜਾਣ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਰਾਣੇ ਨੂੰ ਬਾਲਾ ਸਾਹਿਬ ਠਾਕਰੇ ਨੂੰ ਸ਼ਰਧਾਂਜਲੀ ਦੇਣ ਦਾ ਕੋਈ ਅਧਿਕਾਰ ਨਹੀਂ ਹੈ। -ਪੀਟੀਆਈ