ਨਵੀਂ ਦਿੱਲੀ, 22 ਸਤੰਬਰ
ਭਾਰਤੀ ਜਨਤਾ ਪਾਰਟੀ ਨੇ ਇਸ ਸਾਲ ਹੋਈਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ’ਤੇ 340 ਕਰੋੜ ਰੁਪਏ ਖਰਚ ਕੀਤੇ, ਜਦਕਿ ਕਾਂਗਰਸ ਨੇ ਇਨ੍ਹਾਂ ਰਾਜਾਂ ’ਚ 194 ਕਰੋੜ ਰੁਪਏ ਤੋਂ ਵੱਧ ਦਾ ਖਰਚ ਕੀਤਾ ਹੈ। ਚੋਣ ਕਮਿਸ਼ਨ ਨੂੰ ਇਨ੍ਹਾਂ ਦੋਵਾਂ ਪਾਰਟੀਆਂ ਵੱਲੋਂ ਖਰਚ ਸਬੰਧੀ ਸੌਂਪੇ ਗਏ ਵੇਰਵਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
ਭਾਜਪਾ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ ਉਸ ਨੇ ਉੱਤਰ ਪ੍ਰਦੇਸ਼ ’ਚ ਸਭ ਤੋਂ ਵੱਧ 221 ਕਰੋੜ ਰੁਪਏ ਖਰਚੇ ਜਦਕਿ ਮਨੀਪੁਰ ’ਚ 23 ਕਰੋੜ, ਉੱਤਰਾਖੰਡ ’ਚ 43.67 ਕਰੋੜ, ਪੰਜਾਬ ’ਚ 36 ਕਰੋੜ ਤੋਂ ਵੱਧ ਅਤੇ ਗੋਆ ’ਚ 19 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਕੀਤਾ ਹੈ। ਕਾਂਗਰਸ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ ਉਸ ਨੇ ਇਨ੍ਹਾਂ ਪੰਜ ਰਾਜਾਂ ’ਚ ਪ੍ਰਚਾਰ ਮੁਹਿੰਮ ’ਤੇ 194 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ। ਭਾਜਪਾ ਤੇ ਕਾਂਗਰਸ ਨੂੰ ਕੌਮੀ ਪਾਰਟੀਆਂ ਵਜੋਂ ਮਾਨਤਾ ਪ੍ਰਾਪਤ ਹੈ। -ਪੀਟੀਆਈ