ਕੋਲਕਾਤਾ, 22 ਮਈ
ਭਾਜਪਾ ਦੇ ਲੋਕ ਸਭਾ ਮੈਂਬਰ ਅਰਜੁਨ ਸਿੰਘ ਮੁੜ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਟੀਐਮਸੀ ਵਿਚ ਜਾਣ ਬਾਰੇ ਕਈ ਦਿਨ ਤੋਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ। ਅਰਜੁਨ ਸਿੰਘ ਦੇ ਟੀਐਮਸੀ ’ਚ ਜਾਣ ਨਾਲ ਬੰਗਾਲ ਵਿਚ ਭਾਜਪਾ ਨੂੰ ਇਕ ਹੋਰ ਝਟਕਾ ਲੱਗਾ ਹੈ। ਬੈਰਕਪੁਰ ਦੇ ਸੰਸਦ ਮੈਂਬਰ ਅੱਜ ਟੀਐਮਸੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੀ ਹਾਜ਼ਰੀ ਵਿਚ ਟੀਐਮਸੀ ਵਿਚ ਪਰਤ ਆਏ। ਇਸ ਮੌਕੇ 24 ਪਰਗਣਾ ਜ਼ਿਲ੍ਹੇ ਦੇ ਹੋਰ ਪਾਰਟੀ ਆਗੂ, ਵਿਧਾਇਕ ਤੇ ਮੰਤਰੀ ਵੀ ਹਾਜ਼ਰ ਸਨ। ਅਰਜੁਨ ਨੇ ਆਪਣੇ ਸੰਸਦੀ ਖੇਤਰ ਵਿਚ ਭਾਜਪਾ ਦਾ ਆਧਾਰ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ ਸੀ। ਦੱਸਣਯੋਗ ਹੈ ਕਿ ਅਰਜੁਨ ਸਿੰਘ ਦਾ ਕਾਫ਼ੀ ਸਮੇਂ ਤੋਂ ਕੇਂਦਰ ਸਰਕਾਰ ਨਾਲ ਜੂਟ ਦੀਆਂ ਕੀਮਤਾਂ ਤੈਅ ਕਰਨ ’ਤੇ ਵਿਵਾਦ ਚੱਲ ਰਿਹਾ ਸੀ। ਹਾਲ ਹੀ ਵਿਚ ਉਨ੍ਹਾਂ ਭਾਜਪਾ ਦੀ ਸੂਬਾਈ ਲੀਡਰਸ਼ਿਪ ਉਤੇ ਵੀ ਹੱਲਾ ਬੋਲਿਆ ਸੀ ਤੇ ਕਿਹਾ ਸੀ ਕਿ ਪਾਰਟੀ ਜ਼ਮੀਨ ਉਤੇ ਲੋਕਾਂ ਨਾਲ ਰਾਬਤਾ ਨਹੀਂ ਕਰ ਰਹੀ। ਕੇਂਦਰੀ ਮੰਤਰੀਆਂ ਪਿਊਸ਼ ਗੋਇਲ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਸੰਸਦ ਮੈਂਬਰ ਨਾਲ ਦਿੱਲੀ ਵਿਚ ਮੁਲਾਕਾਤ ਵੀ ਕੀਤੀ ਸੀ ਤਾਂ ਕਿ ਮਸਲੇ ਦਾ ਹੱਲ ਕੱਢਿਆ ਜਾ ਸਕੇ ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਸਕੀ। ਟੀਐਮਸੀ ਵਿਚ ਪਰਤਣ ’ਤੇ ਅਰਜੁਨ ਸਿੰਘ ਨੇ ਕਿਹਾ ਕਿ ਪਾਰਟੀ ਆਗੂਆਂ ਨਾਲ ਕੁਝ ਗਲਤਫ਼ਹਿਮੀਆਂ ਹੋਣ ਕਾਰਨ ਉਹ 2019 ਵਿਚ ਭਾਜਪਾ ’ਚ ਆ ਗਏ ਸਨ। ਉਨ੍ਹਾਂ ਕਿਹਾ, ‘ਪਰ ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਮੈਨੂੰ ਲੋਕ ਸਭਾ ਮੈਂਬਰ ਵਜੋਂ ਆਜ਼ਾਦਾਨਾ ਤੌਰ ’ਤੇ ਕੰਮ ਕਰਨ ਵਿਚ ਮੁਸ਼ਕਲ ਆ ਰਹੀ ਸੀ।’ ਅਰਜੁਨ ਸਿੰਘ ਨੂੰ ਜਦ ਪੁੱਛਿਆ ਗਿਆ ਕਿ ਕੀ ਉਹ ਹੁਣ ਭਾਜਪਾ ਦੇ ਲੋਕ ਸਭਾ ਮੈਂਬਰ ਵਜੋਂ ਅਸਤੀਫ਼ਾ ਦੇਣਗੇ ਤਾਂ ਉਨ੍ਹਾਂ ਕਿਹਾ ਕਿ ਇਸ ਵੇਲੇ ਬੰਗਾਲ ਵਿਚ ਟੀਐਮਸੀ ਦੇ ਦੋ ਅਜਿਹੇ ਸੰਸਦ ਮੈਂਬਰ ਹਨ, ਜੋ ਅਸਲ ਵਿਚ ਭਾਜਪਾ ਦੇ ਨਾਲ ਹਨ। ਉਨ੍ਹਾਂ ਕਿਹਾ, ‘ਜਦ ਉਹ ਅਸਤੀਫ਼ਾ ਦੇਣਗੇ ਤਾਂ ਮੈਂ ਵੀ ਦੇ ਦੇਵਾਂਗਾ।’ ਅਰਜੁਨ ਸਿੰਘ ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਦੇ ਪਿਤਾ ਸਿਸਿਰ ਅਧਿਕਾਰੀ ਤੇ ਭਰਾ ਦਬਿਏਂਦੂ ਅਧਿਕਾਰੀ ਵੱਲ ਇਸ਼ਾਰਾ ਕਰ ਰਹੇ ਸਨ। -ਪੀਟੀਆਈ
ਪੁਲੀਸ ਦੇ ਪ੍ਰਸ਼ਾਸਨ ਦਾ ਦਬਾਅ ਨਹੀਂ ਝੱਲ ਸਕੇ ਅਰਜੁਨ: ਭਾਜਪਾ
ਅਰਜੁਨ ਸਿੰਘ ਦੇ ਟੀਐਮਸੀ ਵਿਚ ਸ਼ਾਮਲ ਹੋਣ ’ਤੇ ਭਾਜਪਾ ਆਗੂ ਦਿਲੀਪ ਘੋਸ਼ ਨੇ ਕਿਹਾ ਕਿ ਉਹ ਪ੍ਰਸ਼ਾਸਨ ਤੇ ਪੁਲੀਸ ਦਾ ਦਬਾਅ ਨਹੀਂ ਝੱਲ ਸਕੇ। ਜਦ ਤੋਂ ਉਹ ਬੈਰਕਪੁਰ ਤੋਂ ਭਾਜਪਾ ਸੰਸਦ ਮੈਂਬਰ ਬਣੇ ਸਨ, ਉਨ੍ਹਾਂ ਉਤੇ ਦਬਾਅ ਸੀ। ਘੋਸ਼ ਨੇ ਦਾਅਵਾ ਕੀਤਾ ਕਿ ਹਾਲ ਹੀ ਵਿਚ ਭਾਜਪਾ ਦੇ ਕੁਝ ਚੁਣੇ ਹੋਏ ਵਿਧਾਇਕ ਵੀ ਇਸੇ ਦਬਾਅ ਕਾਰਨ ਟੀਐਮਸੀ ਵਿਚ ਸ਼ਾਮਲ ਹੋਏ ਸਨ।