ਲਖਨਊ: ਮਾਫੀਆ ਸਰਗਨਾ ਤੋਂ ਸਿਆਸਤ ’ਚ ਆਏ ਮੁਖ਼ਤਾਰ ਅੰਸਾਰੀ ਦੇ ਭਰਾ ਸਬਿਘਤੁੱਲ੍ਹਾ ਅੰਸਾਰੀ ਨੂੰ ਪਾਰਟੀ ’ਚ ਸ਼ਾਮਲ ਕਰਨ ’ਤੇ ਅੱਜ ਭਾਰਤੀ ਜਨਤਾ ਪਾਰਟੀ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੀ ਆਲੋਚਨਾ ਕੀਤੀ ਹੈ। ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਵਿਧਾਇਕ ਸਬਿਘਤੁੱਲ੍ਹਾ ਸ਼ਨਿਚਰਵਾਰ ਨੂੰ ਆਪਣੇ ਹਮਾਇਤੀਆਂ ਨਾਲ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋਏ ਹਨ। ਭਾਜਪਾ ਦੀ ਯੂਪੀ ਇਕਾਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਲਿਖਿਆ, ‘ਅਖਿਲੇਸ਼ ਸੱਤਾ ਲਈ ਕੁਝ ਵੀ ਕਰਨ ਵਾਲੇ ਰਾਹ ’ਤੇ ਚੱਲ ਰਹੇ ਹਨ। ਡੌਨ ਮੁਖਤਾਰ ਅੰਸਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਸਪਾ ’ਚ ਸ਼ਾਮਲ ਕਰਕੇ ਤੁਸੀਂ ਕਿਸ ਤਰ੍ਹਾਂ ਦੇ ਸਮਾਜਵਾਦ ਦੀ ਗੱਲ ਕਰ ਰਹੇ ਹੋ।’ ਭਾਜਪਾ ਨੇ ਮੁਖਤਾਰ ਅੰਸਾਰੀ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਭਾਜਪਾ ਨੇ ਟਵੀਟ ਕੀਤਾ, ‘ਇਹ ਸਮਾਜਵਾਦੀ ਪਾਰਟੀ ਦਾ ਅਸਲ ਚਿਹਰਾ ਹੈ। ਸੱਤਾ ’ਤੇ ਕਬਜ਼ਾ ਕਰਨ ਲਈ ਸਮਾਜਵਾਦੀ ਪਾਰਟੀ ਮਾਫੀਆ ਮੁਖਤਾਰ ਅੰਸਾਰੀ ਦੇ ਪਰਿਵਾਰ ਨਾਲ ਵੀ ਹੱਥ ਮਿਲਾਉਣ ਨੂੰ ਤਿਆਰ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਯੂਪੀ ਦਾ ਮੁੱਖ ਮੰਤਰੀ ਕੌਣ ਹੈ।’ -ਪੀਟੀਆਈ