ਨਵੀਂ ਦਿੱਲੀ, 12 ਜਨਵਰੀ
ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਯੁੱਧਿਆ ਸੀਟ ਤੋਂ ਮੈਦਾਨ ਵਿਚ ਉਤਾਰਨ ਬਾਰੇ ਵਿਚਾਰ ਕਰ ਰਹੀ ਹੈ। ਉਮੀਦਵਾਰਾਂ ਦੇ ਨਾਮ ਤੈਅ ਕਰਨ ਲਈ ਭਾਜਪਾ ਵਿਚ ਬੈਠਕਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਮੰਗਲਵਾਰ ਨੂੰ ਇਸ ਸਬੰਧੀ ਕੌਮੀ ਰਾਜਧਾਨੀ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਚ ਇਕ ਬੈਠਕ ਹੋਈ ਸੀ, ਜਿਸ ਵਿਚ ਹੋਰ ਸੀਨੀਅਰ ਆਗੂਆਂ ਦੇ ਨਾਲ ਖ਼ੁਦ ਯੋਗੀ ਵੀ ਮੌਜੂਦ ਸਨ। ਉੱਤਰ ਪ੍ਰਦੇਸ਼ ਵਿਚ ਇਸ ਵਾਰ ਸੱਤ ਗੇੜਾਂ ਵਿਚ ਚੋਣਾਂ ਹੋਣਗੀਆਂ ਅਤੇ ਇਸ ਦੀ ਸ਼ੁਰੂਆਤ 10 ਫਰਵਰੀ ਨੂੰ ਸੂਬੇ ਦੇ ਪੱਛਮੀ ਹਿੱਸੇ ਦੇ 11 ਜ਼ਿਲ੍ਹਿਆਂ ਦੀਆਂ 58 ਸੀਟਾਂ ’ਤੇ ਵੋਟਿੰਗ ਨਾਲ ਹੋਵੇਗੀ। ਯੋਗੀ ਆਦਿੱਤਿਆਨਾਥ ਮੌਜੂਦਾ ਸਮੇਂ ਵਿਧਾਨ ਕੌਂਸਲ ਦੇ ਮੈਂਬਰ ਹਨ। ਉਨ੍ਹਾਂ ਨੇ ਹਾਲ ਵਿਚ ਕਿਹਾ ਸੀ ਕਿ ਉਹ ਵਿਧਾਨ ਸਭਾ ਚੋਣ ਲੜਨ ਦੇ ਇੱਛੁਕ ਹਨ ਪਰ ਇਸ ਬਾਰੇ ਆਖ਼ਰੀ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਕਰੇਗੀ। ਸੂਤਰਾਂ ਨੇ ਦੱਸਿਆ ਕਿ ਪਾਰਟੀ ਅੰਦਰ ਯੋਗੀ ਆਦਿੱਤਿਆਨਾਥ ਨੂੰ ਅਯੁੱਧਿਆ ਸੀਟ ਤੋਂ ਚੋਣ ਲੜਾਉਣ ਬਾਰੇ ਚਰਚਾ ਹੋਈ ਹੈ ਪਰ ਇਸ ਬਾਰੇ ਆਖ਼ਰੀ ਫ਼ੈਸਲਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਵਿਚ ਲਿਆ ਜਾਵੇਗਾ। -ਪੀਟੀਆਈ