ਜੰਮੂ: ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਪੀਡੀਪੀ ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਵੱਲੋਂ ਕੀਤੀ ਗਈ ਦੇਸ਼ ਅਤੇ ਸੰਵਿਧਾਨ ਵਿਰੋਧੀ ਟਿੱਪਣੀ ’ਤੇ ਕਾਰਵਾਈ ਕਰਦਿਆਂ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਣੀ ਚਾਹੀਦੀ ਹੈ। ਭਾਜਪਾ ਦੇ ਸੀਨੀਅਰ ਆਗੂ ਤੇ ਸੂਬੇ ’ਚ ਸਿਆਸੀ ਮਾਮਲਿਆਂ ਬਾਰੇ ਇੰਚਾਰਜ ਅਸ਼ਵਨੀ ਕੁਮਾਰ ਚਰੁੰਗੂ ਨੇ ਚੋਣ ਕਮਿਸ਼ਨ ਨੂੰ ਦਿੱਤੀ ਰਸਮੀ ਸ਼ਿਕਾਇਤ ’ਚ ਕਿਹਾ, ‘ਮੈਂ ਅਪੀਲ ਕਰਦਾ ਹਾਂ ਕਿ ਉਨ੍ਹਾਂ (ਮਹਬਿੂਬਾ ਮੁਫ਼ਤੀ) ਦੇ ਬਿਆਨ ਨੂੰ ਗੰਭੀਰਤਾ ਨਾਲ ਲਿਆ ਜਾਵੇ ਜੋ ਉਨ੍ਹਾਂ ਜਨਤਕ ਤੌਰ ’ਤੇ ਦਿੱਤਾ ਹੈ। ਇਹ ਬਿਆਨ ਪੂਰੀ ਤਰ੍ਹਾਂ ਦੇਸ਼ ਤੇ ਸੰਵਿਧਾਨ ਦਾ ਵਿਰੋਧ ਕਰਦਾ ਹੈ। ਇਸ ਲਈ ਪੀਡੀਪੀ ਦੀ ਮਾਨਤਾ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਪੀਡੀਪੀ ਮੁਖੀ ਵੱਲੋਂ ਸੰਸਦ, ਸੰਸਦ ਮੈਂਬਰਾਂ, ਕੌਮੀ ਝੰਡੇ ਤੇ ਕੌਮੀ ਚਿੰਨ੍ਹ ਬਾਰੇ ਵੀ ਗਲਤ ਬਿਆਨ ਦਿੱਤੇ ਜਾਂਦੇ ਰਹੇ ਹਨ। -ਪੀਟੀਆਈ