ਨਵੀਂ ਦਿੱਲੀ, 4 ਮਈ
ਭਾਜਪਾ ਪੂਰੇ ਦੇਸ਼ ਦੇ ਆਪਣੇ ਜਥੇਬੰਦਕ ਆਗੂਆਂ ਦੀ ਬੈਠਕ ਜੈਪੁਰ ਵਿਚ 20-21 ਮਈ ਨੂੰ ਰੱਖੇਗੀ। ਇਸ ਮੌਕੇ ਸੂਬਿਆਂ ਦੀਆਂ ਅਗਾਮੀ ਚੋਣਾਂ ਦੀ ਰਣਨੀਤੀ ’ਤੇ ਵਿਚਾਰ-ਵਟਾਂਦਰਾ ਹੋਵੇਗਾ।
ਇਸ ਤੋਂ ਇਲਾਵਾ ਵਰਤਮਾਨ ਸਿਆਸੀ ਸਥਿਤੀ ’ਤੇ ਵੀ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਕ ਸੈਸ਼ਨ ਨੂੰ ਆਨਲਾਈਨ ਸੰਬੋਧਨ ਕਰਨਗੇ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਬੈਠਕ ਦੀ ਪ੍ਰਧਾਨਗੀ ਕਰਨਗੇ। ਇਸ ਬੈਠਕ ਵਿਚ ਭਾਜਪਾ ਦੇ ਸਾਰੇ ਕੌਮੀ ਅਹੁਦੇਦਾਰ, ਸੂਬਾਈ ਪਾਰਟੀ ਮੁਖੀ, ਸੂਬਿਆਂ ਦੇ ਜਥੇਬੰਦਕ ਇੰਚਾਰਜ ਤੇ ਜਨਰਲ ਸਕੱਤਰ ਹਿੱਸਾ ਲੈਣਗੇ। ਮਹਾਮਾਰੀ ਤੋਂ ਬਾਅਦ ਪਾਰਟੀ ਦੇ ਮਹੱਤਵਪੂਰਨ ਆਗੂਆਂ ਦੀ ਇਹ ਪਹਿਲੀ ਬੈਠਕ ਹੋਵੇਗੀ।
ਹਾਲਾਂਕਿ ਪੂਰੇ ਦੇਸ਼ ਵਿਚ ਪਾਰਟੀ ਦਾ ਕੰਮਕਾਜ ਦੇਖਣ ਵਾਲੇ ਇਨ੍ਹਾਂ ਆਗੂਆਂ ਦੀਆਂ ਵਰਚੁਅਲ ਮੀਟਿੰਗਾਂ ਹੁੰਦੀਆਂ ਰਹੀਆਂ ਹਨ। 20 ਮਈ ਨੂੰ ਪਹਿਲਾਂ ਇਨ੍ਹਾਂ ਸਾਰੇ ਆਗੂਆਂ ਦੀ ਮੀਟਿੰਗ ਹੋਵੇਗੀ ਤੇ ਅਗਲੇ ਦਿਨ ਸੂਬਾਈ ਜਨਰਲ ਸਕੱਤਰਾਂ ਦੀ ਮੀਟਿੰਗ ਹੋਵੇਗੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਸਾਰੇ ਸੂਬਾ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਨੂੰ ਉਨ੍ਹਾਂ ਵੱਲੋਂ ਪਾਰਟੀ ਸਬੰਧੀ ਕੀਤੇ ਗਏ ਕੰਮਾਂ ਦੀ ਰਿਪੋਰਟ ਨਾਲ ਲਿਆਉਣ ਲਈ ਕਿਹਾ ਹੈ। ਮੀਟਿੰਗ ਦੇ ਏਜੰਡੇ ਬਾਰੇ ਜਲਦੀ ਜਾਣਕਾਰੀ ਦਿੱਤੀ ਜਾਵੇਗੀ। ਕਾਂਗਰਸ ਦੀ ਸੱਤਾ ਵਾਲੇ ਰਾਜਸਥਾਨ ਵਿਚ ਭਾਜਪਾ ਵੱਲੋਂ ਮੀਟਿੰਗ ਰੱਖਣਾ ਸਿਆਸੀ ਤੌਰ ’ਤੇ ਮਹੱਤਵਪੂਰਨ ਹੈ ਕਿਉਂਕਿ ਇੱਥੇ ਪਾਰਟੀ ਰਾਜ ਸਰਕਾਰ ਨੂੰ ਕਈ ਮੁੱਦਿਆਂ ’ਤੇ ਘੇਰਨ ਦੀ ਤਿਆਰੀ ਕਰ ਰਹੀ ਹੈ। ਰਾਜ ਵਿਚ ਹਾਲ ਹੀ ’ਚ ਫਿਰਕੂ ਹਿੰਸਾ ਦੀਆਂ ਕਈ ਘਟਨਾਵਾਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਵੀ 13 ਮਈ ਨੂੰ ਉਦੈਪੁਰ ਵਿਚ ‘ਚਿੰਤਨ ਸ਼ਿਵਿਰ’ ਰੱਖਿਆ ਹੋਇਆ ਹੈ। -ਪੀਟੀਆਈ