ਨਵੀਂ ਦਿੱਲੀ, 20 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਸਾਹਿਬ ਦੌਰੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਕਹਿਣ ’ਤੇ ਭਾਜਪਾ ਨੇ ਕਾਂਗਰਸ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਹੈ ਕਿ ਵਿਰੋਧੀ ਧਿਰਾਂ ਹਿੰਦੂਵਾਦੀਆਂ ਵਿੱਚ ਆਈਐੱਸਆਈਐੱਸ ਤੇ ਬੋਕੋ ਹਰਾਮ ਵਰਗੇ ਅਤਿਵਾਦੀ ਗਰੁੱਪਾਂ ਨੂੰ ਦੇਖਦੇ ਹਨ ਜਦੋਂ ਕਿ ਇਮਰਾਨ ਖਾਨ ਨੂੰ ਕਾਂਗਰਸੀ ਆਗੂ ਨਵਜੋਤ ਸਿੱਧੂ ਵੱਲੋਂ ‘ਭਾਈ ਜਾਨ’ ਦਾ ਦਰਜਾ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਸਿੱਧੂ ਦੇ ਕਰਤਾਰਪੁਰ ਸਾਹਿਬ ਪਹੁੰਚਣ ’ਤੇ ਇਮਰਾਨ ਖਾਨ ਤਰਫੋਂ ਆਇਆ ਪਾਕਿਸਤਾਨੀ ਅਧਿਕਾਰੀ ਉਨ੍ਹਾਂ ਦਾ ਭਰਵਾਂ ਸਵਾਗਤ ਕਰਦਾ ਹੈ। ਇਸੇ ਦੌਰਾਨ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਕਾਂਗਰਸੀ ਆਗੂ ਸ੍ਰੀ ਸਿੱਧੂ ਇਮਰਾਨ ਖਾਨ ਨੂੰ ਵੱਡਾ ਭਰਾ ਕਹਿੰਦੇ ਹੋਏ ਉਸ ਨੂੰ ਬਹੁਤ ਪਿਆਰ ਕਰਨ ਦਾ ਸੁਨੇਹਾ ਦੇ ਰਹੇ ਹਨ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਹੈ ਕਿ ਭਾਰਤ ਵਾਸਤੇ ਇਹ ਇਕ ਗੰਭੀਰ ਮੁੱਦਾ ਹੈ ਤੇ ਭਾਜਪਾ ਦੀਆਂ ਵਿਰੋਧੀ ਧਿਰਾਂ ਹਿੰਦੂਵਾਦ ਵਿੱਚ ਅਤਿਵਾਦੀ ਧਿਰਾਂ ਨੂੰ ਦੇਖਦੀਆਂ ਹਨ ਤੇ ਇਮਰਾਨ ਖਾਨ ਨੂੰ ਭਾਈ ਜਾਨ ਦਾ ਦਰਜਾ ਦਿੰਦੀਆਂ ਹਨ। -ਪੀਟੀਆਈ