ਨਵੀਂ ਦਿੱਲੀ, 10 ਸਤੰਬਰ
ਭਾਜਪਾ ਨੇ ਇਕ ਪਾਦਰੀ ਦੇ ਰਾਹੁਲ ਗਾਂਧੀ ਨਾਲ ਗੱਲਬਾਤ ਦੇ ਵੀਡੀਓ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਹੈ ਕਿ ਵਿਰੋਧੀ ਧਿਰ ਦਾ ਚਿਹਰਾ ਹਿੰਦੂ ਵਿਰੋਧੀ ਹੈ। ਇਸ ਦਾ ਤਿੱਖਾ ਪ੍ਰਤੀਕਰਮ ਦਿੰਦਿਆਂ ਕਾਂਗਰਸ ਨੇ ਭਾਜਪਾ ’ਤੇ ‘ਨਫ਼ਰਤ ਦੀ ਫੈਕਟਰੀ’ ਰਾਹੀਂ ਗੁਮਰਾਹਕੁਨ ਪ੍ਰਚਾਰ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਹਾਕਮ ਪਾਰਟੀ ਭਾਰਤ ਜੋੜੋ ਯਾਤਰਾ ਦੀ ਸਫ਼ਲ ਸ਼ੁਰੂਆਤ ਤੋਂ ਨਿਰਾਸ਼ ਹੋ ਗਈ ਹੈ ਜਿਸ ਮਗਰੋਂ ਬੇਤੁਕੇ ਹਮਲੇ ਕੀਤੇ ਜਾ ਰਹੇ ਹਨ। ਭਾਜਪਾ ਦੇ ਕਈ ਆਗੂਆਂ ਵੱਲੋਂ ਸਾਂਝੇ ਕੀਤੇ ਗਏ ਵੀਡੀਓ ’ਚ ਪਾਦਰੀ ਜੌਰਜ ਪੋਨੱਈਆ ਕਾਂਗਰਸ ਆਗੂ ਰਾਹੁਲ ਨੂੰ ਇਹ ਆਖਦਿਆਂ ਸੁਣਾਈ ਦੇ ਰਹੇ ਹਨ ਕਿ ‘ਯਸ਼ੂ ਮਸੀਹ ਹੀ ਇਕੱਲੇ ਹਕੀਕੀ ਤੌਰ ’ਤੇ ਭਗਵਾਨ ਹਨ ਨਾ ਕਿ ਕੋਈ ਸ਼ਕਤੀ ਜਾਂ ਹੋਰ ਭਗਵਾਨ।’ ਰਾਹੁਲ ਨੇ ਸਵਾਲ ਕੀਤਾ ਸੀ ਕਿ ਯਸ਼ੂ ਮਸੀਹ ਨੂੰ ਭਗਵਾਨ ਮੰਨਿਆ ਜਾਂਦਾ ਹੈ ਜਾਂ ਨਹੀਂ ਜਿਸ ਦੇ ਜਵਾਬ ’ਚ ਪਾਦਰੀ ਨੇ ਉਕਤ ਗੱਲ ਆਖੀ ਸੀ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਦਾਅਵਾ ਕੀਤਾ ਕਿ ਵੀਡੀਓ ਨੇ ਭਾਰਤ ਜੋੜੋ ਯਾਤਰਾ ਦੀ ਹਕੀਕਤ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਰਾਤੇ ਸ਼ੁਰੂ ਹੋਣ ਤੋਂ ਪਹਿਲਾਂ ਦੇਵੀ ਸ਼ਕਤੀ ਦਾ ਅਪਮਾਨ ਕੀਤਾ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ,‘‘ਭਾਜਪਾ ਦੀ ਨਫ਼ਰਤੀ ਫ਼ੈਕਟਰੀ ਰਾਹੁਲ ਗਾਂਧੀ ਦੇ ਸਬੰਧ ’ਚ ਇਕ ਟਵੀਟ ਸਾਂਝਾ ਕਰ ਰਹੀ ਹੈ ਜਿਸ ਦੇ ਆਡੀਓ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਭਾਰਤ ਜੋੜੋ ਯਾਤਰਾ ਦੀ ਸਫ਼ਲ ਸ਼ੁਰੂਆਤ ਤੋਂ ਨਿਰਾਸ਼ ਭਾਜਪਾ ਗੁਮਰਾਹਕੁਨ ਪ੍ਰਚਾਰ ਕਰ ਰਹੀ ਹੈ।’’ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮਹਾਤਮਾ ਗਾਂਧੀ ਦੀ ਹੱਤਿਆ ਲਈ ਜ਼ਿੰਮੇਵਾਰ ਸਨ ਅਤੇ ਜਿਨ੍ਹਾਂ ਨਰੇਂਦਰ ਦਾਭੋਲਕਰ, ਗੋਵਿੰਦ ਪਨਸਾਰੇ, ਐੱਮ ਐੱਮ ਕਲਬੁਰਗੀ ਅਤੇ ਗੌਰੀ ਲੰਕੇਸ਼ ਜਿਹੇ ਲੋਕਾਂ ਦੀ ਹੱਤਿਆ ਕੀਤੀ ਸੀ, ਉਹ ਇਹ ਸਵਾਲ ਉਠਾ ਰਹੇ ਹਨ। ‘ਕਿਹੋ ਜਿਹਾ ਘਟੀਆ ਮਖੌਲ ਹੈ। ਭਾਰਤ ਜੋੜੋ ਯਾਤਰਾ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਲਈ ਅਜਿਹੀਆਂ ਕੋਸ਼ਿਸ਼ਾਂ ਬੁਰੀ ਤਰ੍ਹਾਂ ਨਾਕਾਮ ਹੋਣਗੀਆਂ।’ ਭਾਜਪਾ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਵਿਵਾਦਤ ਵੀਡੀਓ ਟਵੀਟ ਕਰਦਿਆਂ ਕਿਹਾ ਕਿ ਪਾਦਰੀ ਨੂੰ ਹਿੰਦੂਆਂ ਖ਼ਿਲਾਫ਼ ਨਫ਼ਰਤ ਫੈਲਾਉਣ ਲਈ ਪਹਿਲਾਂ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਉਸ ਨੇ ਇਹ ਵੀ ਕਿਹਾ ਸੀ ਕਿ ਉਹ ਜੁੱਤੀਆਂ ਇਸ ਲਈ ਪਹਿਨਦਾ ਹੈ ਤਾਂ ਜੋ ਭਾਰਤ ਮਾਤਾ ਦੀਆਂ ਅਸ਼ੁੱਧੀਆਂ ਉਨ੍ਹਾਂ ਨੂੰ ਦੂਸ਼ਿਤ ਨਾ ਕਰ ਸਕਣ। ਜੈਰਾਮ ਰਮੇਸ਼ ਦੇ ਬਿਆਨ ਦਾ ਜਵਾਬ ਦਿੰਦਿਆਂ ਪੂਨਾਵਾਲਾ ਨੇ ਕਿਹਾ ਕਿ ਕਾਂਗਰਸ ਦੀ ‘ਨਫ਼ਰਤੀ ਫੈਕਟਰੀ’ ਸਿੱਖਾਂ ਖ਼ਿਲਾਫ਼ 1984 ’ਚ ਹੋਏ ਦੰਗਿਆਂ ’ਚ ਦੇਖਣ ਨੂੰ ਮਿਲੀ ਸੀ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਨੇ ਇਸ ਨੂੰ ਕਥਿਤ ਤੌਰ ’ਤੇ ਜਾਇਜ਼ ਕਰਾਰ ਦਿੱਤਾ ਸੀ। -ਪੀਟੀਆਈ
ਵਿਦੇਸ਼ੀ ਟੀ-ਸ਼ਰਟ ਪਹਿਨਣ ’ਤੇ ਸ਼ਾਹ ਨੇ ਰਾਹੁਲ ਨੂੰ ਘੇਰਿਆ
ਜੈਪੁਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਜੋੜੋ ਯਾਤਰਾ ਲਈ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ ਆਗੂ ਨੇ ਇਕ ਵਾਰ ਕਿਹਾ ਸੀ ਕਿ ਭਾਰਤ ਕੋਈ ਰਾਸ਼ਟਰ ਨਹੀਂ ਹੈ ਅਤੇ ਹੁਣ ਉਹ ਵਿਦੇਸ਼ ’ਚ ਬਣੀ ਟੀ-ਸ਼ਰਟ ਪਹਿਨ ਕੇ ਦੇਸ਼ ਨੂੰ ਇਕਜੁੱਟ ਕਰਨ ਤੁਰੇ ਹੋਏ ਹਨ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਰਾਹੁਲ ਗਾਂਧੀ 41 ਹਜ਼ਾਰ ਰੁਪਏ ਦੀ ਬਰਬਰੀ ਦੀ ਟੀ-ਸ਼ਰਟ ਪਹਿਨ ਕੇ ਪ੍ਰਚਾਰ ਕਰ ਰਹੇ ਹਨ। ਰਾਜਸਥਾਨ ’ਚ ਭਾਜਪਾ ਆਗੂਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਉਦੈਪੁਰ ਦੇ ਦਰਜ਼ੀ ਕਨ੍ਹੱਈਆ ਲਾਲ ਦੀ ਮੁਸਲਿਮ ਕੱਟੜਵਾਦੀਆਂ ਵੱਲੋਂ ਕੀਤੀ ਗਈ ਹੱਤਿਆ ਅਤੇ ਕਰੌਲੀ ਹਿੰਸਾ ਦੇ ਮੁੱਦੇ ’ਤੇ ਸੂਬਾ ਸਰਕਾਰ ਨੂੰ ਘੇਰਿਆ ਅਤੇ ਦੋਸ਼ ਲਾਇਆ ਕਿ ਕਾਂਗਰਸ ਸਿਰਫ਼ ਵੋਟ ਬੈਂਕ ਤੇ ਭਰਮਾਉਣ ਦੀ ਸਿਆਸਤ ਹੀ ਕਰ ਸਕਦੀ ਹੈ। ਸ਼ਾਹ ਨੇ ਕਿਹਾ,‘‘ਮੈਂ ਰਾਹੁਲ ਬਾਬਾ ਅਤੇ ਹੋਰ ਕਾਂਗਰਸ ਮੈਂਬਰਾਂ ਨੂੰ ਉਸ ਵੱਲੋਂ ਸੰਸਦ ’ਚ ਦਿੱਤਾ ਗਿਆ ਭਾਸ਼ਨ ਚੇਤੇ ਕਰਾਉਣਾ ਚਾਹੁੰਦਾ ਹਾਂ। ਰਾਹੁਲ ਬਾਬਾ ਨੇ ਕਿਹਾ ਸੀ ਕਿ ਭਾਰਤ ਕੋਈ ਰਾਸ਼ਟਰ ਨਹੀਂ ਹੈ। ਰਾਹੁਲ ਬਾਬਾ ਤੁਸੀਂ ਕਿਹੜੀ ਕਿਤਾਬ ’ਚ ਇਹ ਗੱਲ ਪੜ੍ਹੀ ਸੀ। ਇਹ ਉਹ ਮੁਲਕ ਹੈ ਜਿਸ ਲਈ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ।’’ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਭਾਰਤ ਨੂੰ ਜੋੜਨ ਲਈ ਤੁਰਿਆ ਹੋਇਆ ਹੈ ਪਰ ਉਸ ਨੂੰ ਪਹਿਲਾਂ ਭਾਰਤ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਅਤੇ ਛੱਤੀਸਗੜ੍ਹ ’ਚ ਭਾਜਪਾ ਵੱਲੋਂ ਸਰਕਾਰਾਂ ਬਣਾਏ ਜਾਣ ਮਗਰੋਂ ਕਾਂਗਰਸ ਕੋਲ ਕੁਝ ਨਹੀਂ ਰਹਿ ਜਾਵੇਗਾ। -ਪੀਟੀਆਈ