ਨਵੀਂ ਦਿੱਲੀ, 9 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ ਵਿਕਾਸ ਨੂੰ ਰਫ਼ਤਾਰ ਦੇਣ ਲਈ ਹਰੇਕ ਸੈਕਟਰ ਦੀ ਮਜ਼ਬੂਤੀ ’ਚ ਵਿਸ਼ਵਾਸ ਰਖਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਹੋਰਾਂ ਨੂੰ ਅਣਗੌਲਿਆ ਕਰਕੇ ਕੁਝ ਸੈਕਟਰਾਂ ’ਤੇ ਹੀ ਧਿਆਨ ਕੇਂਦਰਤ ਕਰਨ ਦੀ ਪਹੁੰਚ ਨੂੰ ਭਾਜਪਾ ਸਰਕਾਰ ਨੇ ਬਦਲ ਦਿੱਤਾ ਹੈ। ਦੋ ਰੋਜ਼ਾ ਬਾਇਓਟੈੱਕ ਸਟਾਰਟਅੱਪ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਮਗਰੋਂ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਦੇਸ਼ ਦਾ ‘ਬਾਇਓ-ਅਰਥਚਾਰਾ’ ਪਿਛਲੇ ਅੱਠ ਸਾਲਾਂ ’ਚ ਅੱਠ ਗੁਣਾ ਤੱਕ ਵਧ ਗਿਆ ਹੈ ਅਤੇ ਇਹ 10 ਅਰਬ ਤੋਂ 80 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਕ ਬਾਇਓਟੈੱਕ ਦੇ ਆਲਮੀ ਈਕੋ ਸਿਸਟਮ ’ਚ ਸਿਖਰਲੇ 10 ਮੁਲਕਾਂ ’ਚ ਸ਼ੁਮਾਰ ਹੋਣ ਨੇੜੇ ਢੁੱਕ ਗਿਆ ਹੈ। ‘ਪਿਛਲੇ ਅੱਠ ਸਾਲਾਂ ’ਚ ਦੇਸ਼ ’ਚ ਸਟਾਰਟਅੱਪਜ਼ ਦੀ ਗਿਣਤੀ ਕੁਝ ਸੈਂਕੜਿਆਂ ਤੋਂ 70 ਹਜ਼ਾਰ ਤੋਂ ਜ਼ਿਆਦਾ ਤੱਕ ਵਧ ਗਈ ਹੈ। ਸਾਡੀ ਸਰਕਾਰ ਨੇ ਕਾਰੋਬਾਰ ਸੁਖਾਲੇ ਢੰਗ ਨਾਲ ਕਰਨ ਅਤੇ ਉੱਦਮੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਹੈ।’ ਬਾਇਓਟੈੱਕ ਸੈਕਟਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੈਕਟਰ ’ਚ ਨਿਵੇਸ਼ਕਾਂ ਦੀ ਗਿਣਤੀ 9 ਗੁਣਾ ਵਧੀ ਹੈ ਅਤੇ ਫੰਡਿੰਗ ’ਚ ਵੀ ਸੱਤ ਗੁਣਾ ਦਾ ਵਾਧਾ ਦਰਜ ਹੋਇਆ ਹੈ। ਆਲਮੀ ਪੱਧਰ ’ਤੇ ਭਾਰਤੀ ਮਾਹਿਰਾਂ ਦੇ ਵਧ ਰਹੇ ਰੁਤਬੇ ਬਾਰੇ ਉਨ੍ਹਾਂ ਕਿਹਾ,‘‘ਸਾਡੇ ਆਈਟੀ ਮਾਹਿਰਾਂ ਦਾ ਹੁਨਰ ਅਤੇ ਕਾਢਾਂ ਦੁਨੀਆ ’ਚ ਨਵੀਆਂ ਬੁਲੰਦੀਆਂ ’ਤੇ ਹਨ। ਅਜਿਹਾ ਰੁਤਬਾ ਅਤੇ ਭਰੋਸਾ ਇਸ ਦਹਾਕੇ ’ਚ ਅਸੀਂ ਬਾਇਓਟੈੱਕ ਸੈਕਟਰ ’ਚ ਵੀ ਦੇਖ ਰਹੇ ਹਾਂ।’’ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਮੁਲਕ ਦੇ ਅਰਥਚਾਰੇ ਦੀ ਸਮਰੱਥਾ ਅਤੇ ਤਾਕਤ ’ਚ ਸੁਧਾਰ ਲਈ ਅਣਥੱਕ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ, ਖੇਤੀਬਾੜੀ, ਊਰਜਾ, ਕੁਦਰਤੀ ਖੇਤੀ ਆਦਿ ਸੈਕਟਰ ਲਈ ਨਵੇਂ ਰਾਹ ਖੋਲ੍ਹ ਰਹੇ ਹਨ।
ਸ੍ਰੀ ਮੋਦੀ ਨੇ ਕਿਹਾ ਕਿ ਬਾਇਓਟੈੱਕ ਸਟਾਰਟਅੱਪ ਪ੍ਰਦਰਸ਼ਨੀ ਸੈਕਟਰ ’ਚ ‘ਆਤਮਨਿਰਭਰ ਭਾਰਤ’ ਅੰਦੋਲਨ ਨੂੰ ਮਜ਼ਬੂਤ ਬਣਾਏਗੀ। -ਪੀਟੀਆਈ