ਪਟਨਾ, 3 ਅਕਤੂਬਰ
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗ਼ੈਰ ਐੱਨਡੀਏ ਪਾਰਟੀਆਂ ਵੱਲੋਂ ਅੱਜ ਮਹਾਗਠਜੋੜ ਬਣਾਇਆ ਗਿਆ, ਜਿਸ ਵਿੱਚ ਮਾਮੂਲੀ ਦਰਾਰ ਦੇ ਬਾਵਜੂਦ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਤੇਜਸਵੀ ਯਾਦਵ ਨੂੰ ਗਠਜੋੜ ਦਾ ਚਿਹਰੇ ਵਜੋਂ ਸਰਬਸੰਮਤੀ ਨਾਲ ਸਮਰਥਨ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੀਟ ਵੰਡ ਫਾਰਮੂਲੇ ਦਾ ਵੀ ਐਲਾਨ ਕੀਤਾ ਗਿਆ, ਜਿਸ ਤਹਿਤ ਆਰਜੇਡੀ 144 ਸੀਟਾਂ ’ਤੇ ਚੋਣ ਲੜੇਗੀ।
ਤੇਜਸਵੀ ਯਾਦਵ ਨੇ ਕਾਂਗਰਸ, ਸੀਪੀਆਈ (ਐੱਮਐੱਲ), ਸੀਪੀਆਈ ਅਤੇ ਸੀਆਈ (ਐੱਮ) ਦੇ ਨੇਤਾਵਾਂ ਦੀ ਹਾਜ਼ਰੀ ’ਚ ਸੀਟ ਵੰਡ ਫਾਰਮੂਲੇ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੁਰਾਣੇ ਭਾਈਵਾਲ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਅਤੇ ਝਾਰਖੰਡ ਤੋਂ ਇਸਦੇ ਸਹਿਯੋਗੀ ਜੇਜੇਐੱਮ ਨੂੰ ਆਪਣੇ ਕੋਟੇ ਦੀਆਂ 144 ਸੀਟਾਂ ’ਚੋਂ ਹਿੱਸਾ ਦੇਵੇਗੀ। ਕਾਂਗਰਸ 70 ਸੀਟਾਂ ’ਤੇ ਸੀਟਾਂ ਚੋਣ ਲੜੇਗੀ। ਕਾਂਗਰਸ ਵਾਲਮੀਕ ਨਗਰ ਲੋਕ ਸਭਾ ਹਲਕੇ ਤੋਂ ਵੀ ਆਪਣਾ ਉਮੀਦਵਾਰ ਖੜ੍ਹਾ ਕਰੇਗੀ ਜਿੱਥੇ 7 ਨਵੰਬਰ ਨੂੰ ਜ਼ਿਮਨੀ ਚੋਣ ਹੋਣੀ ਹੈ। ਸੀਪੀਆਈ (ਐੱਮਐੱਲ) ਨੂੰ 19 ਸੀਟਾਂ ਜਦਕਿ ਸੀਪੀਆਈ ਨੂੰ 6 ਤੇ ਸੀਪੀਆਈ (ਐੱਮ) ਨੂੰ 4 ਸੀਟਾਂ ਦਿੱਤੀਆਂ ਗਈਆਂ ਹਨ।
ਇਸ ਮੌਕੇ ਤੇਜਸਵੀ ਯਾਦਵ ਨੇ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦਾ ਅਹਿਦ ਲਿਆ ਜਦਕਿ ਕਾਂਗਰਸੀ ਨੇਤਾ ਅਵਿਨਾਸ਼ ਪਾਂਡੇ ਨੇ ਪਿਛਲੀਆਂ ਚੋਣਾਂ ’ਚ ਕਥਿਤ ਗੜਬੜੀ ਨਾਲ ਸੱਤਾ ਹਥਿਆਉਣ ਦਾ ਦੋਸ਼ ਲਾਇਆ। ਦੂਜੇ ਪਾਸੇ ਵੀਆਈਪੀ ਦੇ ਪ੍ਰਧਾਨ ਮੁਕੇਸ਼ ਸਾਹਨੀ ਨੇ ਇਸ ਤੋਂ ਤੁਰੰਤ ਬਾਅਦ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਹਾਗੱਠਜੋੜ ਦਾ ਹਿੱਸਾ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਸੀਟਾਂ ਦੀ ‘ਸਨਮਾਨਜਨਕ ਪੇਸ਼ਕਸ਼’ ਨਹੀਂ ਦਿੱਤੀ ਗਈ।
-ਪੀਟੀਆਈ
‘ਸੁਸ਼ਾਂਤ ਕੇਸ: ਭਾਜਪਾ ਦੀ ਸਾਜਿਸ਼ ਬੇਨਕਾਬ ਹੋਈ’
ਮੁੰਬਈ: ਮਹਾਰਾਸ਼ਟਰ ਦੀ ਸੱਤਧਾਰੀ ਮਹਾ ਵਿਕਾਸ ਅਘਾੜੀ (ਐੱਮਡੀਏ) ਸਹਿਯੋਗੀਆਂ ਨੇ ਅੱਜ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਸਬੰਧੀ ਏਮਸ ਦੀ ਫ਼ੌਰੈਂਸਿਕ ਰਿਪੋਰਟ ਆਉਣ ਨਾਲ ਮਹਾਰਾਸ਼ਟਰ ਸਰਕਾਰ ਨੂੰ ਬਦਨਾਮ ਕਰਨ ਦੀ ਉਸਦੀ ਸਾਜਿਸ਼ ਬੇਨਕਾਬ ਹੋ ਗਈ ਹੈ। ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ) ਦੇ ਤਰਜਮਾਨ ਮਹੇਸ਼ ਤਪਾਸੇ ਨੇ ਸੂਬਾ ਸਰਕਾਰ ਅਤੇ ਸ਼ਹਿਰ ਦੀ ਪੁਲੀਸ ਨੂੰ ਬਦਨਾਮ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ ਹੈ। ਕਾਂਗਰਸ ਦੇ ਸੂਬਾ ਜਨਰਲ ਸਕੱਤਰ ਤੇ ਤਰਜਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਬਿਹਾਰ ਚੋਣਾਂ ’ਚ ਸੁਸ਼ਾਂਤ ਰਾਜਪੂਤ ਮੌਤ ਕੇਸ ਨਾਲ ਲਾਹਾ ਚਾਹੁੰਦੀ ਸੀ, ਜੋ ਕਿ ਰਿਪੋਰਟ ਆਉਣ ਨਾਲ ਅਸਫਲ ਹੋ ਗਈ ਹੈ।
-ਪੀਟੀਆਈ
ਐੱਲਜੇਪੀ ਵੱਲੋਂ ਐੱਨਡੀਏ ਨਾਲੋਂ ਨਾਤਾ ਤੋੜਨ ਦੇ ਸੰਕੇਤ
ਨਵੀਂ ਦਿੱਲੀ: ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ) ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਸੂਬੇ ਦੇ ਲੋਕਾਂ ਤੋਂ ਆਪਣੀ ਪਾਰਟੀ ਦੇ ‘ਬਿਹਾਰ ਫਸਟ-ਬਿਹਾਰੀ ਫਸਟ’ ਦੇ ਨਾਅਰੇ ਲਈ ‘ਆਸ਼ੀਰਵਾਦ ਮੰਗਦਿਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਐੱਨਡੀਏ ਦੇ ਸਹਿਯੋਗੀ ਵਜੋਂ ਚੋਣ ਨਾ ਲੜਨ ਦਾ ਸੰਕੇਤ ਵੀ ਦਿੱਤਾ ਹੈ। ਪਾਰਟੀ ਸੂਤਰਾਂ ਮੁਤਾਬਕ ਐੱਲਜੇਪੀ ਵੱਲੋਂ 143 ਸੀਟਾਂ ’ਤੇ ਚੋਣ ਲੜੇ ਜਾਣ ਦੀ ਸੰਭਾਵਨਾ ਹੈ ਜਦਕਿ ਪਾਰਟੀ ਵੱਲੋਂ ਭਾਜਪਾ ਦੇ ਉਮੀਦਵਾਰਾਂ ਖ਼ਿਲਾਫ਼ ਉਮੀਦਵਾਰ ਖੜ੍ਹੇ ਨਹੀਂ ਕੀਤੇ ਜਾਣਗੇ।
-ਪੀਟੀਆਈ